ਸੁਲਤਾਨ ਜੌਹੋਰ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ

Sunday, Oct 27, 2024 - 10:59 AM (IST)

ਸੁਲਤਾਨ ਜੌਹੋਰ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ

ਜੌਹੋਰ ਬਾਹਰੂ (ਮਲੇਸ਼ੀਆ), (ਭਾਸ਼ਾ)- ਗੋਲਕੀਪਰ ਬਿਕਰਮਜੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਸ਼ਨੀਵਾਰ ਨੂੰ ਇਥੇ ਪੈਨਲਟੀ ਸ਼ੂਟਆਊਟ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਜੂਨੀਅਰ ਹਾਕੀ ਟੂਰਨਾਮੈਂਟ ’ਚ ਕਾਂਸੀ ਤਮਗਾ ਜਿੱਤਿਆ। ਨਿਰਧਾਰਿਤ ਸਮੇਂ ਵਿਚ ਮੈਚ 2-2 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਸ਼ੂਟਆਊਟ ’ਚ ਭਾਰਤ ਵੱਲੋਂ ਸਟ੍ਰਾਈਕਰ ਗੁਰਜੋਤ ਸਿੰਘ, ਮਨਮੀਤ ਸਿੰਘ ਅਤੇ ਸੌਰਭ ਆਨੰਦ ਕੁਸ਼ਵਾਹ ਨੇ ਪੈਨਲਟੀ ਨੂੰ ਗੋਲ ’ਚ ਬਦਲਿਆ, ਜਦਕਿ ਬਿਕਰਮਜੀਤ ਨੇ 3 ਬਚਾਅ ਕਰ ਕੇ ਭਾਰਤ ਨੂੰ ਜਿੱਤ ਦੁਆਈ।

ਇਸ ਤੋਂ ਪਹਿਲਾਂ ਨਿਰਧਾਰਿਤ ਸਮੇਂ ’ਚ ਦਿਲਰਾਜ ਸਿੰਘ (11ਵੇਂ ਮਿੰਟ) ਅਤੇ ਮਨਮੀਤ ਸਿੰਘ (20ਵੇਂ) ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ ਪਰ ਨਿਊਜ਼ੀਲੈਂਡ ਨੇ ਆਖਰੀ ਕੁਆਰਟਰ ’ਚ ਓਵੇਨ ਬ੍ਰਾਊਨ (51ਵੇਂ) ਅਤੇ ਜੌਂਟੀ ਏਲਮਸ (57ਵੇਂ) ਦੇ ਗੋਲ ਦੀ ਮਦਦ ਨਾਲ ਚੰਗੀ ਵਾਪਸੀ ਕੀਤੀ। ਭਾਰਤ ਨੇ ਪਹਿਲੇ 20 ਮਿੰਟ ’ਚ ਹੀ 2 ਗੋਲ ਕਰ ਦਿੱਤੇ ਸਨ। ਖੇਡ ਦੇ 11ਵੇਂ ਮਿੰਟ ’ਚ ਹੀ ਦਿਲਰਾਜ ਨੇ ਮੁਕੇਸ਼ ਟੋਪੋ ਦੀ ਮਦਦ ਨਾਲ ਗੋਲ ਕਰ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਦੂਸਰੇ ਕੁਆਰਟਰ ’ਚ ਵੀ ਭਾਰਤ ਨੇ ਖੇਡ ’ਤੇ ਕੰਟਰੋਲ ਬਣਾ ਕੇ ਰੱਖਿਆ। ਮਨਮੀਤ ਨੇ 20ਵੇਂ ਮਿੰਟ ’ਚ ਅਨਮੋਲ ਏਕਾ ਅਤੇ ਮੁਕੇਸ਼ ਦੇ ਸ਼ਾਨਦਾਰ ਸਟਿਕਵਰਕ ਦੀ ਮਦਦ ਨਾਲ ਮੈਦਾਨੀ ਗੋਲ ਕੀਤਾ।


author

Tarsem Singh

Content Editor

Related News