LSG vs RCB, Eliminator : ਬੈਂਗਲੁਰੂ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ

Thursday, May 26, 2022 - 12:20 AM (IST)

LSG vs RCB, Eliminator : ਬੈਂਗਲੁਰੂ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਰਜਤ ਪਾਟੀਦਾਰ ਦੇ ਕਰੀਅਰ ਦੇ ਪਹਿਲੇ ਸੈਂਕੜੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਐਲੀਮਿਨੇਟਰ ’ਚ ਲਖਨਊ ਸੁਪਰ ਜਾਇੰਟਸ ਨੂੰ 14 ਦੌੜਾਂ ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ। ਆਰ. ਸੀ. ਬੀ. ਨੇ ਪਾਟੀਦਾਰ ਦੀ 54 ਗੇਂਦਾਂ ’ਤੇ 12 ਚੌਕਿਆਂ ਤੇ 7 ਛੱਕਿਆਂ ਦੀ ਅਜੇਤੂ 112 ਦੌੜਾਂ ਦੀ ਪਾਰੀ ਅਤੇ ਦਿਨੇਸ਼ ਕਾਰਤਿਕ (ਅਜੇਤੂ 37) ਨਾਲ 5ਵੀਂ ਵਿਕਟ ਲਈ ਸਿਰਫ 6.5 ਓਵਰਾਂ ਵਿਚ 92 ਦੌੜਾਂ ਦੀ ਸਾਂਝੇਦਾਰੀ ਨਾਲ 4 ਵਿਕਟਾਂ ’ਤੇ 207 ਦੌੜਾਂ ਬਣਾਈਆਂ। ਸੁਪਰ ਜਾਇੰਟਸ ਦੀ ਟੀਮ ਇਸ ਦੇ ਜਵਾਬ ’ਚ ਕਪਤਾਨ ਲੋਕੇਸ਼ ਰਾਹੁਲ (79) ਦੇ ਅਰਥ ਸੈਂਕੜੇ ਅਤੇ ਦੀਪਕ ਹੁੱਡਾ (45) ਨਾਲ ਤੀਜੀ ਵਿਕਟ ਦੀ ਉਨ੍ਹਾਂ ਦੀ 96 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 6 ਵਿਕਟਾਂ ’ਤੇ 193 ਦੌੜਾਂ ਹੀ ਬਣਾ ਸਕੀ। ਆਰ. ਸੀ. ਬੀ. ਵੱਲੋਂ ਜੋਸ਼ ਹੇਜ਼ਲਵੁੱਡ ਨੇ 44 ਦੌੜਾਂ ਦੇ ਕੇ 3 ਵਿਕਟਾਂ ਉਖਾੜੀਆਂ।

ਇਹ ਵੀ ਪੜ੍ਹੋ :- 'ਪਾਰਟੀਗੇਟ' ਤੋਂ ਅੱਗੇ ਵਧਣਾ ਚਾਹੁੰਦੇ ਹਨ ਬ੍ਰਿਟਿਸ਼ PM ਜਾਨਸਨ

PunjabKesari

ਆਰ. ਸੀ. ਬੀ. ਦੀ ਟੀਮ ਹੁਣ ਸ਼ੁੱਕਰਵਾਰ ਨੂੰ ਕੁਆਲੀਫਾਇਰ-2 ’ਚ ਰਾਜਸਥਾਨ ਰਾਇਲਜ਼ ਨਾਲ ਭਿੜੇਗੀ ਅਤੇ ਇਸ ਮੈਚ ਦੀ ਜੇਤੂ ਟੀਮ ਦਾ ਸਾਹਮਣਾ ਐਤਵਾਰ ਨੂੰ ਫਾਈਨਲ ’ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।ਮੀਂਹ ਕਾਰਨ ਇਹ ਮੈਚ ਲਗਭਗ 40 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ ਪਰ ਓਵਰਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਕਵਿੰਟਨ ਡੀਕਾਕ ਨੇ ਮੁਹੰਮਦ ਸਿਰਾਜ ਨੂੰ ਛੱਕਾ ਮਾਰ ਕੇ ਖਾਤਾ ਖੋਲ੍ਹਿਆ ਪਰ ਅਗਲੀ ਹੀ ਗੇਂਦ ’ਤੇ ਫਾਫ ਡੂ ਪਲੇਸਿਸ ਨੂੰ ਕੈਚ ਦੇ ਬੈਠੇ। ਕਾਰਤਿਕ ਨੇ ਸ਼ਾਹਬਾਜ਼ ਅਹਿਮਦ ਦੀ ਗੇਂਦ ’ਤੇ ਮਨਨ ਵੋਹਰਾ ਨੂੰ ਸਟੰਪ ਕਰਨ ਦਾ ਮੌਕਾ ਗੁਆ ਦਿੱਤਾ, ਜਿਸ ਦਾ ਫਾਇਦਾ ਉਠਾ ਕੇ ਉਨ੍ਹਾਂ ਅਗਲੀ ਗੇਂਦ ’ਤੇ ਛੱਕਾ ਜੜ ਦਿੱਤਾ। ਵੋਹਰਾ ਨੇ ਅਗਲੇ ਓਵਰ ਵਿਚ ਜੋਸ਼ ਹੇਜ਼ਲਵੁਡ ਦੀਆਂ ਲਗਾਤਾਰ 2 ਗੇਂਦਾਂ ’ਤੇ ਚੌਕਾ ਤੇ ਛੱਕਾ ਮਾਰਿਆ ਪਰ ਅਗਲੀ ਗੇਂਦ ’ਤੇ ਸ਼ਾਹਬਾਜ਼ ਨੂੰ ਕੈਚ ਦੇ ਬੈਠੇ। ਕਪਤਾਨ ਲੋਕੇਸ਼ ਰਾਹੁਲ ਨੇ 6ਵੇਂ ਓਵਰ ਵਿਚ ਸਿਰਾਜ ਨੂੰ 2 ਛੱਕੇ ਅਤੇ 1 ਚੌਕਾ ਲਾ ਕੇ ਆਪਣਾ ਬਾਊਂਡਰੀ ਨਾਲ ਖਾਤਾ ਖੋਲ੍ਹਿਆ। ਦੀਪਕ ਹੁੱਡਾ ਨੇ ਹੇਜ਼ਲਵੁਡ ਨੂੰ ਚੌਕਾ ਲਾ ਕੇ ਖਾਤਾ ਖੋਲ੍ਹਿਆ ਅਤੇ ਫਿਰ ਸ਼ਾਹਬਾਜ਼ ਨੂੰ  ਛੱਕਾ ਜੜਿਆ। ਉਨ੍ਹਾਂ ਕਪਤਾਨ ਨਾਲ ਮਿਲ ਕੇ 10 ਓਵਰਾਂ ਵਿਚ ਟੀਮ ਦਾ ਸਕੋਰ 2 ਵਿਕਟਾਂ ’ਤੇ 89 ਦੌੜਾਂ ਤਕ ਪਹੁੰਚਾਇਆ।

ਇਹ ਵੀ ਪੜ੍ਹੋ :-ਸੰਯੁਕਤ ਅਰਬ ਅਮੀਰਾਤ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

PunjabKesari

ਹੁੱਡਾ ਨੇ ਵੀ ਇਸ ਓਵਰ ਵਿਚ ਛੱਕਾ ਅਤੇ ਫਿਰ ਹਸਰੰਗਾ ਨੂੰ 2 ਛੱਕੇ ਲਾ ਕੇ ਦੌੜਾਂ ਦੀ ਰਫ਼ਤਾਰ ਵਿਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਲੈੱਗ ਸਪਿਨਰ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਮਾਰਕਸ ਸਟੋਈਨਿਸ ਨੇ ਹਸਰੰਗਾ ਨੂੰ ਛੱਕਾ ਲਾ ਕੇ ਖਾਤਾ ਖੋਲ੍ਹਿਆ ਜਿਸ ਨਾਲ 15ਵੇਂ ਓਵਰ ਵਿਚ 18 ਦੌੜਾਂ ਬਣੀਆਂ। 
 ਰਾਹੁਲ ਨੇ ਸਿਰਾਜ ਅਤੇ ਹਸਰੰਗਾ ਨੂੰ ਛੱਕੇ ਲਾ ਕੇ ਦੌੜਾਂ ਤੇ ਬਾਲਜ਼ ਵਿਚਕਾਰ ਫਰਕ ਨੂੰ ਘੱਟ ਕੀਤਾ। ਹਰਸ਼ਲ ਨੇ 18ਵੇਂ ਓਵਰ ਵਿਚ ਵਾਈਡ ਦੀਆਂ 6 ਦੌੜਾਂ ਦੇਣ ਤੋਂ ਬਾਅਦ ਸਟੋਈਨਿਸ ਨੂੰ ਬਾਊਂਡਰੀ ’ਤੇ ਪਾਟੀਦਾਰ ਹੱਥੋਂ ਕੈਚ ਕਰਵਾਇਆ। ਸੁਪਰ ਜਾਇੰਟਸ ਨੂੰ ਆਖਰੀ 2 ਓਵਰਾਂ ਵਿਚ 33 ਦੌੜਾਂ ਦੀ ਲੋੜ ਸੀ।
ਹੇਜ਼ਲਵੁਡ ਨੇ ਇਸ ਤੋਂ ਬਾਅਦ ਰਾਹੁਲ ਨੂੰ ਸ਼ਾਰਟ ਥਰਡ ਮੈਨ ’ਤੇ ਸ਼ਾਹਬਾਜ਼ ਦੇ ਹੱਥੋਂ ਕੈਚ ਕਰਵਾ ਕੇ ਸੁਪਰ ਜਾਇੰਟਸ ਨੂੰ ਵੱਡਾ ਝਟਕਾ ਦਿੱਤਾ। ਅਗਲੀ ਗੇਂਦ ’ਤੇ ਕਰੁਣਾਲ ਪਾਂਡਿਆ ਵੀ ਹੇਜ਼ਲਵੁਡ ਨੂੰ ਵਾਪਸ ਕੈਚ ਦੇ ਬੈਠੇ। ਹਰਸ਼ਲ ਦੇ ਆਖਰੀ ਓਵਰ ਵਿਚ ਸੁਪਰ ਜਾਇੰਟਸ ਨੂੰ 24 ਦੌੜਾਂ ਦੀ ਲੋੜ ਸੀ ਪਰ ਦੁਸ਼ਮੰਤਾ ਚਮੀਰਾ ਤੇ ਏਵਿਨ ਲੁਇਸ 9 ਦੌੜਾਂ ਹੀ ਬਣਾ ਸਕੇ।

PunjabKesari

ਦੋਵੇਂ ਟੀਮਾਂ ਦੀਆਂ ਪਲੇਇੰਗ-11 :

ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐੱਲ. ਰਾਹੁਲ (ਕਪਤਾਨ), ਏਵਿਨ ਲੁਈਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਮਨਨ ਵੋਹਰਾ, ਮਾਰਕਸ ਸਟੋਇਨਿਸ, ਮੋਹਸਿਨ ਖਾਨ, ਅਵੇਸ਼ ਖਾਨ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ। 
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News