ਆਰਸੇਨਲ ਨੂੰ ਸ਼ੂਟਆਊਟ ਵਿਚ ਹਰਾ ਕੇ ਲੀਵਰਪੂਲ ਲੀਗ ਕੱਪ ਦੇ ਕੁਆਰਟਰ ਫਾਈਨਲ ''ਚ
Thursday, Oct 31, 2019 - 03:56 PM (IST)

ਲੰਡਨ : ਲੀਵਰਪੂਲ ਨੇ ਆਰਸੇਨਲ ਖਿਲਾਫ ਤੈਅ ਸਮੇਂ ਵਿਚ ਮੁਕਾਬਲਾ 5-5 ਨਾਲ ਡਰਾਅ ਰਹਿਣ ਦੇ ਬਾਅਦ ਪੈਨਲਟੀ ਸ਼ੂਟ ਆਊਟ ਵਿਚ 5-4 ਦੀ ਜਿੱਤ ਦੇ ਨਾਲ ਲੀਗ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸ਼ੂਟਆਊਟ ਵਿਚ ਬੁੱਧਵਾਰ ਨੂੰ ਆਇਰਲੈਂਡ ਦੇ 20 ਸਾਲਾ ਗੋਲਕੀਪਰ ਕੋਈਮਹਿਨ ਕੇਲੇਹਰ ਨੇ ਡੇਨੀ ਕੋਬਾਲੋਸ ਦੀ ਪੈਨਲਟੀ ਨੂੰ ਰੋਕਿਆ ਜਿਸ ਤੋਂ ਬਾਅਦ 18 ਸਾਲ ਦੇ ਕਰਟਿਸ ਜੋਂਸ ਨੇ ਆਖਰੀ ਪੈਨਲਟੀ 'ਤੇ ਗੋਲ ਕਰ ਲੀਵਰਪੂਲ ਨੂੰ ਜਿੱਤ ਦਿਵਾਈ।
ਮੈਨਚੈਸਟਰ ਯੂਨਾਈਟਿਡ ਨੇ ਵੀ ਰੋਮਾਂਚਕ ਮੁਕਾਬਲੇ ਵਿਚ ਚੇਲਸੀ ਨੂੰ 2-1 ਨਾਲ ਹਰਾਇਆ। ਮਾਰਕਸ ਰਸ਼ਫੋਰਡ ਨੇ 26ਵੇਂ ਮਿੰਟ ਵਿਚ ਪੈਨਲਟੀ 'ਤੇ ਗੋਲ ਕਰ ਯੂਨਾਈਟਿਡ ਨੂੰ ਬੜ੍ਹਤ ਦਿਵਾਈ ਪਰ ਮਿਸ਼ੀ ਬਾਤਸ਼ੁਆਈ ਨੇ 61ਵੇਂ ਮਿੰਟ ਵਿਚ ਚੇਲਸੀ ਨੂੰ ਬਰਾਬਰੀ ਦਿਵਾ ਦਿੱਤੀ। ਰਸ਼ਫੋਰਡ ਨੇ ਹਾਲਾਂਕਿ 73ਵੇਂ ਮਿੰਟ ਵਿਚ 30 ਗਜ ਦੀ ਦੂਰੀ ਤੋਂ ਫ੍ਰੀ ਕਿਕ 'ਤੇ ਸ਼ਾਨਦਾਰ ਗੋਲ ਕਰ ਕੇ ਮੈਨਚੈਸਟਰ ਯੂਨਾਈਟਿਡ ਦੀ ਜਿੱਤ ਪੱਕੀ ਕੀਤੀ। ਐਸਟਨ ਵਿਲਾ ਨੇ ਵੀ ਸਥਾਨਕ ਵਿਰੋਧੀ ਵੋਲਵਸ ਨੂੰ 2-1 ਨਾਲ ਹਰਾ ਕੇ ਆਖਰੀ 8 ਵਿਚ ਜਗ੍ਹਾ ਬਣਾਈ।