ਬਹਿਰੀਨ ਗ੍ਰਾਂ. ਪ੍ਰੀ. ਟੈਸਟਿੰਗ ਇਵੈਂਟ ’ਚ ਫਿਸਲੀ ਲੂਈਸ ਹੈਮਿਲਟਨ ਦੀ ਕਾਰ
Sunday, Mar 14, 2021 - 02:37 PM (IST)
ਬਹਿਰੀਨ(ਵੈੱਬ ਡੈਸਕ)– ਲੂਈਸ ਹੈਮਿਲਟਨ ਨੂੰ ਬਹਿਰੀਨ ਗ੍ਰਾਂ. ਪ੍ਰੀ. ਤੋਂ ਪਹਿਲਾਂ ਟੈਸਟਿੰਗ ਇਵੈਂਟ ਵਿਚ ਖ਼ਰਾਬ ਸ਼ੁਰੂਆਤ ਮਿਲੀ ਹੈ। ਸਿਰਫ਼ 42 ਲੈਪ ਪੂਰੇ ਕਰਨ ਵਾਲੇ ਹੈਮਿਲਟਨ ਦੀ ਕਾਰ ਟ੍ਰੈਕ ’ਤੇ ਫਿਸਲਣ ਦੇ ਕਾਰਣ ਘੁੰਮ ਗਈ। ਉਥੇ ਹੀ ਉਸਦਾ ਸਾਥੀ ਡਰਾਈਵਰ ਬੋਟਾਸ ਵੀ ਗੇਅਰ ਬਾਕਸ ਵਿਚ ਖ਼ਰਾਬੀ ਦੇ ਕਾਰਣ ਰੇਸ ਪੂਰੀ ਨਹੀਂ ਕਰ ਸਕਿਆ। ਇਸ ਤਰ੍ਹਾਂ ਮਰਸੀਡੀਜ਼ ਇਕਲੌਤੀ ਟੀਮ ਰਹੀ ਜਿਹੜੀ ਕਿ ਟੈਸਟਿੰਗ ਇਵੈਂਟ ਵਿਚ 100 ਕਿਲੋਮੀਟਰ ਦੀ ਰੇਸ ਪੂਰੀ ਨਹੀਂ ਕਰ ਸਕੀ। ਉਥੇ ਹੀ, ਇਵੈਂਟ ਦੇ ਖ਼ਤਮ ਹੋਣ ’ਤੇ ਮਰਸੀਡੀਜ਼ ਦੇ ਬੌਸ ਟੋਟੋ ਵੋਲਕ ਨੇ ਕਿਹਾ ਕਿ ਅਸੀਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੈਮਿਲਟਨ ਇਸ ਰੇਸ ਵਿਚ ਆਪਣਾ ਖਿਤਾਬ ਬਚਾਉਣ ਲਈ ਉਤਰੇਗਾ ਪਰ ਟੈਸਟਿੰਗ ਇਵੈਂਟ ਵਿਚ ਹੋਏ ਹਾਦਸੇ ਵਿਚ ਉਸਦੇ ਫੈਨਸ ਨੂੰ ਧੱਕਾ ਲੱਗਾ ਹੈ।
ਮਰਸੀਡੀਜ਼ ਦੇ ਗੇਅਰ ਬਾਕਸ ’ਚ ਆਈ ਖ਼ਰਾਬੀ
ਮਰਸੀਡੀਜ਼ ਇਕ ਵਾਰ ਫਿਰ ਤੋਂ ਤਕਨੀਕੀ ਦਿੱਕਤ ਦੇ ਕਾਰਣ ਚਰਚਾ ਵਿਚ ਹੈ। ਬਹਿਰੀਨ ਟੈਸਟਿੰਗ ਇਵੈਂਟ ਦੌਰਾਨ ਮਰਸੀਡੀਜ਼ ਦੀ ਕਾਰ ਵਿਚ ਗੇਅਰ ਬਾਕਸ ਨੂੰ ਲੈ ਕੇ ਖ਼ਰਾਬੀ ਆ ਗਈ ਹੈ, ਜਿਸ ਨੂੰ ਦੂਰ ਕਰਨ ਵਿਚ ਤਕਰੀਬਨ ਇਕ ਘੰਟਾ ਲੱਗਾ। ਉਦੋਂ ਤਕ ਮਰਸੀਡੀਜ਼ ਦਾ ਡਰਾਈਵਰ ਵੇਲਟਾਰੀ ਬੋਟਾਸ ਆਪਣੇ ਵਿਰੋਧੀਆਂ ਤੋਂ ਕਾਫੀ ਪਿੱਛੇ ਰਹਿ ਗਿਆ ਸੀ। ਮੈਨੇਜਮੈਂਟ ਨੇ ਮੰਨਿਆ ਕਿ ਰੇਸਿੰਗ ਦੌਰਾਨ ਹੀ ਗੇਅਰ ਨਾਲ ਜੁੜੀਆਂ ਸਮੱਸਿਆਵਾਂ ਆ ਰਹੀਆਂ ਸਨ। ਕਾਰ ਵਾਪਸ ਬੁਲਾਈ ਗਈ ਤਾਂ ਗੇਅਰ ਬਾਕਸ ਵਿਚ ਖਾਮੀ ਦੇਖਣ ਨੂੰ ਮਿਲੀ। ਫੌਰੀ ਤੌਰ ’ਤੇ ਇਸ ਨੂੰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।