ਲਕਸ਼ੈ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ''ਤੇ, ਸਾਤਵਿਕਸਾਈਰਾਜ-ਚਿਰਾਗ ਦੀ ਜੋੜੀ ਨੇ ਵੀ ਕੀਤਾ ਸੁਧਾਰ
Tuesday, Jan 18, 2022 - 08:29 PM (IST)
ਨਵੀਂ ਦਿੱਲੀ- ਇੰਡੀਆ ਓਪਨ 'ਚ ਪੁਰਸ਼ ਸਿੰਗਲ ਚੈਂਪੀਅਨ ਬਣਨ ਵਾਲੇ ਭਾਰਤ ਦੇ ਯੁਵਾ ਖਿਡਾਰੀ ਲਕਸ਼ੈ ਸੇਨ ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਦੀ ਨਵੀਂ ਰੈਂਕਿੰਗ 'ਚ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 13ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਇਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਦੋ ਪਾਇਦਾਨ ਉੱਪਰ ਅੱਠਵੇਂ ਸਥਾਨ 'ਤੇ ਪਹੁੰਚ ਗਈ। ਸੇਨ ਨੇ ਚਾਰ ਸਥਾਨ ਦਾ ਸੁਧਾਰ ਕੀਤਾ ਤੇ 66470 ਅੰਕਾਂ ਦੇ ਨਾਲ 17ਵੇਂ ਸਥਾਨ ਤੋਂ ਉੱਪਰ ਚੜ੍ਹ ਕੇ 13ਵੇਂ ਪਾਇਦਾਨ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਆਸਟਰੇਲੀਆ ਓਪਨ : ਮੇਦਵੇਦੇਵ ਅਗਲੇ ਦੌਰ 'ਚ ਪੁੱਜੇ, ਫਰਨਾਂਡਿਜ਼ ਬਾਹਰ
ਮੌਜੂਦਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ 12ਵੇਂ ਸਥਾਨ 'ਤੇ ਪਹੁੰਚ ਗਏ ਹਨ। ਸੇਨ ਨੇ ਇੰਡੀਆ ਓਪਨ ਦੇ ਫਾਈਨਲ 'ਚ ਲੋਹ ਨੂੰ 24-22, 21-17 ਨਾਲ ਹਰਾਇਆ ਸੀ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਆਪਣੇ ਸਥਾਨ 'ਤੇ ਬਣੇ ਹੋਏ ਹਨ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਮਹਿਲਾਵਾਂ ਦੀ ਰੈਂਕਿੰਗਾ 'ਚ 90994 ਅੰਕ ਦੇ ਨਾਲ ਸਤਵਾਂ ਸਥਾਨ ਜਦਕਿ ਸ਼੍ਰੀਕਾਂਤ ਪੁਰਸ਼ਾਂ ਦੀ ਸੂਚੀ 'ਚ 69158 ਅੰਕਾਂ ਦੇ ਨਾਲ 10ਵੇਂ ਸਥਾਨ 'ਤੇ ਕਾਇਮ ਹੈ।
ਚੀਨੀ ਤਾਈਪੈ ਦੀ ਤਾਈ ਤਜੂ ਮਹਿਲਾਵਾਂ ਦੀ ਰੈਂਕਿੰਗ 'ਚ 108800 ਅੰਕਾਂ ਦੇ ਨਾਲ ਚੋਟੀ 'ਤੇ ਹੈ, ਜਦਕਿ ਮੌਜੂਦਾ ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸਨ 116779 ਅੰਕਾਂ ਦੇ ਨਾਲ ਪੁਰਸ਼ਾਂ ਦੀ ਸੂਚੀ 'ਚ ਚੋਟੀ 'ਤੇ ਹਨ। ਭਾਰਤੀ ਨਜ਼ਰੀਏ ਨਾਲ ਇਸ ਸੂਚੀ 'ਚ ਸੇਨ ਤੋਂ ਇਲਾਵਾ ਸਭ ਤੋਂ ਜ਼ਿਆਦਾ ਫਾਇਦੇ 'ਚ ਸਾਤਵਿਕਸਾਈਰਾਜ ਤੇ ਚਿਰਾਗ ਦੀ ਪੁਰਸ਼ ਭਾਰਤੀ ਡਬਲਜ਼ ਜੋੜੀ ਰਹੀ। ਇਸ ਜੋੜੀ ਨੇ 76708 ਅੰਕਾਂ ਦੇ ਨਾਲ ਦੋ ਸਥਾਨ ਦਾ ਸੁਧਾਰ ਕੀਤਾ ਹੈ।
ਇਹ ਵੀ ਪੜ੍ਹੋ : ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਉਨ੍ਹਾਂ ਐਤਵਾਰ ਨੂੰ ਯੋਨੇਕਸ-ਸਨਰਾਈਜ਼ ਇੰਡੀਆ ਓਪਨ 'ਚ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਹੇਂਡਰਾ ਸੇਤੀਯਾਵਾਨ ਦੀ ਜੋੜੀ ਨੂੰ 21-16, 26-24 ਨਾਲ ਹਰਾ ਕੇ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਦੀ ਰੈਂਕਿੰਗ ਕੋਈ ਵੀ ਭਾਰਤੀ ਜੋੜੀ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।