IPL 2019 : ਕਰੁਣਾਲ ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ ਕਿ ਹਰ ਪਾਸੇ ਹੋ ਰਹੀ ਹੈ ਸ਼ਲਾਘਾ

Sunday, Mar 31, 2019 - 12:17 PM (IST)

IPL 2019 : ਕਰੁਣਾਲ ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ ਕਿ ਹਰ ਪਾਸੇ ਹੋ ਰਹੀ ਹੈ ਸ਼ਲਾਘਾ

ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈ.ਪੀ.ਐੱਲ. 2019 ਦੇ ਕੱਲ ਖੇਡੇ ਗਏ ਮੈਚ 'ਚ ਮੁੰਬਈ ਇੰਡੀਅਨਜ਼ ਦੇ ਸਟਾਰ ਆਲ ਰਾਊਂਡਰ ਕਰੁਣਾਲ ਪੰਡਯਾ ਨੇ ਕੁਝ ਅਜਿਹਾ ਕੀਤਾ ਜਿਸ ਤੋਂ ਬਾਅਦ ਹਰ ਜਗ੍ਹਾ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਦਰਅਸਲ ਰਾਜਸਥਾਨ ਰਾਇਲਜ਼ ਖਿਲਾਫ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੂੰ ਮਾਂਕਡਿੰਗ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਅਸ਼ਵਿਨ ਵਿਵਾਦਾਂ 'ਚ ਆ ਗਏ ਸਨ। ਅਜਿਹਾ ਹੀ ਕੁਝ ਸ਼ਨੀਵਾਰ ਨੂੰ ਪੰਜਾਬ ਅਤੇ ਮੁੰਬਈ ਦੇ ਮੈਚ 'ਚ ਵੀ ਹੋਇਆ। ਪਰ ਇਸ ਵਾਰ ਗੇਂਦਬਾਜ਼ ਮੁੰਬਈ ਇੰਡੀਅਨਜ਼ ਦਾ ਸੀ ਅਤੇ ਬੱਲੇਬਾਜ਼ ਕਿੰਗਜ਼ ਇਲੈਵਨ ਪੰਜਾਬ ਦਾ।

ਮੈਚ ਦੌਰਾਨ ਕਰੁਣਾਲ ਪੰਡਯਾ ਨੇ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਯੰਕ ਅਗਰਵਾਲ ਨੂੰ ਮਾਂਕਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਨ੍ਹਾਂ ਨੇ ਮਯੰਕ ਨੂੰ ਆਊਟ ਨਹੀਂ ਕੀਤਾ ਅਤੇ ਚਿਤਾਵਨੀ ਦੇ ਕੇ ਛੱਡ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਦਾ ਪਾਰੀ ਦੇ 10ਵੇਂ ਓਵਰ 'ਚ ਕਰੁਣਾਲ ਗੇਂਦਬਾਜ਼ੀ ਲਈ ਅੱਗੇ ਆਏ। ਉਸ ਸਮੇਂ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਕੇ.ਐੱਲ. ਰਾਹੁਲ ਸਟ੍ਰਾਈਕ 'ਤੇ ਮੌਜੂਦ ਸਨ ਅਤੇ ਨੌਨ ਸਟ੍ਰਾਈਕਰ ਐਂਡ 'ਤੇ ਮਯੰਕ ਅਗਰਵਾਲ ਖੜ੍ਹੇ ਸਨ। ਕਰੁਣਾਲ ਜਦੋਂ ਆਪਣੇ ਓਵਰ ਦੀ ਚੌਥੀ ਗੇਂਦ ਕਰਾਉਣ ਲਈ ਅੱਗੇ ਵਧੇ ਤਾਂ ਮਯੰਕ ਅਗਰਵਾਲ ਉਨ੍ਹਾਂ ਦੇ ਗੇਂਦ ਕਰਾਉਣ ਤੋਂ ਪਹਿਲਾਂ ਕ੍ਰੀਜ਼ ਤੋਂ ਬਾਹਰ ਚਲੇ ਗਏ। ਕਰੁਣਾਲ ਤੁਰੰਤ ਰੁਕ ਗਏ ਅਤੇ ਗੇਂਦ ਨੂੰ ਸਟੰਪ 'ਤੇ ਮਾਰਨ ਦਾ ਐਕਸ਼ਨ ਕੀਤਾ ਪਰ ਗੇਂਦ ਨਹੀਂ ਮਾਰੀ। ਕਰੁਣਾਲ ਦੇ ਇਸ ਫੈਸਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਸ਼ਵਿਨ ਨੇ ਬਟਲਰ ਨੂੰ ਆਈ.ਪੀ.ਐੱਲ. ਦੇ ਇਤਿਹਾਸ 'ਚ ਪਹਿਲੀ ਵਾਰ 'ਮਾਂਕਡਿੰਗ' ਦਾ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਖੇਡ ਨਿਯਮਾਂ ਮੁਤਾਬਕ ਤੀਜੇ ਅੰਪਾਇਰ ਨੇ ਬਟਲਰ ਨੂੰ ਆਊਟ ਦਿੱਤਾ ਪਰ ਅਜਿਹੇ ਵਿਕਟ ਖੇਡ ਭਾਵਨਾ ਦੇ ਉਲਟ ਮੰਨੇ ਜਾਂਦੇ ਹਨ।  


author

Tarsem Singh

Content Editor

Related News