T20 WC 2021: ਬਾਲੀਵੁੱਡ ਦੇ ਇਸ ਅਭਿਨੇਤਾ ਨੇ ਭਾਰਤ-ਪਾਕਿ ਦੇ ਮੈਚ ਨੂੰ ਦੱਸਿਆ ਮਜ਼ਾਕ, ਜਾਣੋ ਕਿਉਂ ਕਹੀ ਇਹ ਗੱਲ

Sunday, Oct 24, 2021 - 01:41 PM (IST)

ਸਪੋਰਟਸ ਡੈਸਕ– ਆਈ.ਸੀ.ਸੀ. ਟੀ-20 ਵਰਲਡ ਕੱਪ ਦਾ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਣ ਵਾਲਾ ਹੈ। ਇਸ ਮੁਕਾਬਲੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਕਾਫੀ ਉਤਸ਼ਾਹਿਤ ਹਨ। ਇੰਨਾ ਹੀ ਨਹੀਂ ਫਿਲਮੀ ਸਿਤਾਰੇ ਵੀ ਟੀ-20 ਵਰਲਡ ਕੱਪ ’ਚ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਮੈਚ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵਿਚਕਾਰ ਬਾਲੀਵੁੱਡ ਅਭਿਨੇਤਾ ਕੇ.ਆਰ.ਕੇ. (ਕਮਾਲ ਆਰ ਖਾਨ) ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਮਜ਼ਾਕ ਦੱਸਿਆ ਹੈ। ਕੇ.ਆਰ.ਕੇ. ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ’ਚੋਂ ਇਕ ਹਨ ਜੋ ਸਮਾਜਿਕ-ਰਾਜਨੀਤਿਕ ਮੁੱਦਿਆਂ ’ਤੇ ਖੁੱਲ੍ਹ ਕੇ ਬੋਲਦੇ ਰਹਿੰਦੇ ਹਨ। ਉਹ ਬਿਆਨਾਂ ਨੂੰ ਲੈ ਕੇ ਬਹੁਤ ਵਾਰ ਆਲੋਚਨਾ ਦਾ ਵੀ ਸ਼ਿਕਾਰ ਹੋ ਚੁੱਕੇ ਹਨ। ਭਾਰਤ ਅਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਕੇ.ਆਰ.ਕੇ. ਨੇ ਕਿਹਾ ਕਿ ਇਹ ਮੈਚ ਇਕ ਮਜ਼ਾਕ ਹੈ ਕਿਉਂਕਿ ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤ ਜਿੱਤੇਗਾ। 

ਕੇ.ਆਰ.ਕੇ. ਨੇ ਇਹ ਗੱਲ ਸੋਸ਼ਲ ਮੀਡੀਆ ਰਾਹੀਂ ਕਹੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਕੇ.ਆਰ.ਕੇ. ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਲਿਖਿਆ, ‘ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਇਕ ਮਜ਼ਾਕ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਇਹ ਮੈਚ ਭਾਰਤ ਹੀ ਜਿੱਤੇਗਾ। ਆਈ.ਸੀ.ਸੀ. ਟੀ-20 ਵਰਲਡ ਕੱਪ 2011।’ ਕੇ.ਆਰ.ਕੇ. ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਅਤੇ ਕੇ.ਆਰ.ਕੇ. ਦੇ ਫੈਨਜ਼ ਉਨ੍ਹਾਂ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 

ਗੱਲ ਕਰੀਏ ਆਈ.ਸੀ.ਸੀ. ਟੀ-20 ਵਰਲਡ ਕੱਪ ਦੀ ਤਾਂ ਇਹ ਅੱਜ ਸ਼ਾਮ ਦੁਬਈ ’ਚ ਖੇਡਿਆ ਜਾਵੇਗਾ। ਵਰਲਡ ਕੱਪ ’ਚ ਹੋਣ ਵਾਲੇ ਭਾਰਤ ਬਨਾਮ ਪਾਕਿਸਤਾਨ ਦੇ ਮੁਕਾਬਲੇ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ-ਪਾਕਿਸਤਾਨ ਐਤਵਾਰ (24 ਅਕਤੂਬਰ) ਨੂੰ ਕ੍ਰਿਕਟ ਮੈਦਾਨ ’ਚ ਭਿੜਨ ਵਾਲੇ ਹਨ। ਉਨ੍ਹਾਂ ਦੇ ਕ੍ਰਿਕਟ ਮੈਚ ਨੂੰ ਵੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ।


Rakesh

Content Editor

Related News