ਕ੍ਰਿਪਾਲ ਸਿੰਘ ਨੇ ਤੋੜਿਆ 22 ਸਾਲ ਪੁਰਾਣਾ ਡਿਸਕਸ ਥਰੋਅ ਮੀਟ ਰਿਕਾਰਡ
Wednesday, Apr 06, 2022 - 12:39 PM (IST)
ਕੋਝੀਕੋਡ (ਭਾਸ਼ਾ)- ਕ੍ਰਿਪਾਲ ਸਿੰਘ ਬੀ ਨੇ ਮੰਗਲਵਾਰ ਨੂੰ ਇੱਥੇ 25ਵੀਂ ਏ.ਐੱਫ.ਆਈ. ਰਾਸ਼ਟਰੀ ਫੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ 61.83 ਮੀਟਰ ਦੀ ਕੋਸ਼ਿਸ਼ ਨਾਲ 22 ਸਾਲ ਪੁਰਾਣੇ ਪੁਰਸ਼ਾਂ ਦੇ ਡਿਸਕਸ ਥਰੋਅ ਦਾ ਰਿਕਾਰਡ ਤੋੜ ਦਿੱਤਾ। ਕ੍ਰਿਪਾਲ ਸਿੰਘ ਦਾ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ 6 ਸਾਲ ਪਹਿਲਾਂ 59.74 ਸੀ। ਉਨ੍ਹਾਂ ਨੇ 2 ਵਾਰ 61 ਮੀਟਰ ਤੋਂ ਉੱਪਰ ਦੀ ਦੂਰੀ ਤੈਅ ਕੀਤੀ। ਉਨ੍ਹਾਂ ਦਾ 61.83 ਮੀਟਰ ਦਾ ਰਿਕਾਰਡ ਉਨ੍ਹਾਂ ਨੂੰ 62 ਮੀਟਰ ਡਿਸਕਸ ਸੁੱਟਣ ਵਾਲਾ ਤੀਜਾ ਭਾਰਤੀ ਪੁਰਸ਼ ਅਥਲੀਟ ਬਣਾਉਣ ਤੋਂ ਘੱਟ ਰਹਿ ਗਿਆ। ਅਨਿਲ ਕੁਮਾਰ ਦਾ ਪੁਰਾਣਾ ਰਿਕਾਰਡ 59.55 ਮੀਟਰ ਦਾ ਸੀ।
ਦਿੱਲੀ ਦੀ ਚੰਦਾ ਔਰਤਾਂ ਦੀ 800 ਮੀਟਰ ਵਿਚ 2:02.11 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਰਹੀ। ਪੱਛਮੀ ਬੰਗਾਲ ਦੀ ਲਿਲੀ ਦਾਸ ਦੂਜੇ ਸਥਾਨ 'ਤੇ ਰਹੀ ਅਤੇ ਉਹ ਏਸ਼ੀਅਨ ਖੇਡਾਂ ਲਈ ਭਾਰਤੀ ਐਥਲੈਟਿਕਸ ਫੈੱਡਰੇਸ਼ਨ ਦੇ ਕੁਆਲੀਫਾਇੰਗ ਸਮੇਂ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੀ। ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਸਵਪਨਾ ਬਰਮਨ ਨੇ ਆਪਣਾ ਹੈਪਟਾਥਲਨ ਖ਼ਿਤਾਬ ਬਰਕਰਾਰ ਰੱਖਿਆ, ਉਨ੍ਹਾਂ ਨੇ 5,800 ਅੰਕ ਜੁਟਾਏ, ਜਿਸ ਨਾਲ ਉਹ ਦੂਜੇ ਸਥਾਨ 'ਤੇ ਰਹਿਣ ਵਾਲੀ ਮਰੀਨਾ ਜਾਰਜ ਤੋਂ 551 ਅੰਕਾਂ ਨਾਲ ਅੱਗੇ ਰਹੀ। ਪੋਲ ਵਾਲਟ ਵਿਚ ਚਾਰ ਐਥਲੀਟਾਂ ਨੇ 4.90 ਮੀਟਰ ਦੀ ਛਾਲ ਮਾਰੀ, ਜਿਸ ਵਿਚ ਐੱਸ. ਸ਼ਿਵਾ ਅਤੇ ਗੋਕੁਲ ਨਾਥ ਦੋਵਾਂ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਏ ਜਨਾਨਾ ਸੋਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਉੱਤਰ ਪ੍ਰਦੇਸ਼ ਦੇ ਦੀਪਕ ਯਾਦਵ ਚੌਥੇ ਸਥਾਨ 'ਤੇ ਰਹੇ।