ਭਾਰਤ ਦੀ ਕੋਨੇਰੂ ਹੰਪੀ ਫ਼ੀਡੇ ਕੈਂਡੀਡੇਟ ਸ਼ਤਰੰਜ ਲਈ ਚੁਣੀ ਗਈ
Friday, Jun 04, 2021 - 12:18 PM (IST)
ਸਪੋਰਟਸ ਡੈਸਕ— ਭਾਰਤ ਦੀ ਚੋਟੀ ਦੀ ਮਹਿਲਾ ਸ਼ਤਰੰਜ ਖਿਡਾਰੀ ਤੇ ਵਰਤਮਾਨ ਵਿਸ਼ਵ ਰੈਪਿਡ ਚੈਂਪੀਅਨ ਗ੍ਰਾਂਡ ਮਾਸਟਰ ਕੋਨੇਰੂ ਹੰਪੀ ਨੇ ਵਿਸ਼ਵ ਕਲਾਸੀਕਲ ਸ਼ਤਰੰਜ ਚੈਂਪੀਅਨ ਬਣਨ ਦੀ ਦਿਸ਼ਾ ’ਚ ਇਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਸ਼ਵ ਸ਼ਤਰੰਜ ਮਹਿਲਾ ਕੈਂਡੀਡੇਟ 2022 ’ਚ ਉਨ੍ਹਾਂ ਦੀ ਜਗ੍ਹਾ ਹੁਣ ਤੈਅ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫ਼ੀਡੇ ਕੈਂਡੀਡੇਟ 2022 ਨੂੰ ਜਿੱਤਣ ਵਾਲੀ ਮਹਿਲਾ ਖਿਡਾਰੀ ਹੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਨੂੰ ਚੁਣੌਤੀ ਦੇਵੇਗੀ।
ਹੰਪੀ ਨੂੰ ਇਹ ਜਗ੍ਹਾ ਮਹਿਲਾ ਗ੍ਰਾਂ. ਪ੍ਰੀ. ਸੀਰੀਜ਼ ’ਚ ਚੋਟੀ ’ਤੇ ਰਹਿਣ ਦੀ ਵਜ੍ਹਾ ਨਾਲ ਹਾਸਲ ਹੋਈ ਹੈ। ਜਿਵੇਂ ਹੀ ਜ਼ਿਬ੍ਰਾਲਟਰ ਗ੍ਰਾਂ ਪ੍ਰੀ ਦਾ ਖ਼ਿਤਾਬ ਕਜ਼ਾਕਿਸਤਾਨ ਦੀ ਅਬਦੁਮਾਲਿਕ ਜ਼ਹੰਸਾਇਆ ਨੇ ਆਪਣੇ ਨਾਂ ਕੀਤਾ, ਕੋਨੇਰੂ ਹੰਪੀ ਦੀ ਚੋਣ ਸਾਫ਼ ਹੋ ਗਈ। ਦਰਅਸਲ ਹੰਪੀ ਨੇ ਪਿਛਲੇ ਸਾਲ ਸਕੋਲਕੋਵੋ ਤੇ ਮੋਨੋਕੋ ਮਹਿਲਾ ਗ੍ਰਾਂ ਪ੍ਰੀ. ’ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ 293 ਅੰਕ ਹਾਸਲ ਕਰ ਲਏ ਸਨ ਪਰ ਬਦਕਿਸਮਤੀ ਨਾਲ ਕੋਵਿਡ ਦੇ ਚਲਦੇ ਉਹ ਅੱਜ ਖ਼ਤਮ ਹੋਈ ਜ਼ਿਬ੍ਰਾਲਟਰ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲੈ ਸਕੀ ਸੀ, ਪਰ ਬਾਵਜੂਦ ਇਸ ਦੇ ਉਹ ਕੈਂਡੀਡੇਟ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੀ।