ਭਾਰਤ ਦੀਆਂ ਚੋਟੀ ਦੀਆਂ ਖਿਡਾਰਨ ਬੀਬੀਆਂ ਫਿਡੇ ਸਪੀਡ ਗ੍ਰਾਂ. ਪ੍ਰੀ. 'ਚੋਂ ਬਾਹਰ
Saturday, Jul 11, 2020 - 12:25 AM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)– ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਬੀਬੀਆਂ ਦੇ ਫਿਡੇ ਸਪੀਡ ਦੇ ਤੀਜੇ ਗੇੜ ਵਿਚ ਗ੍ਰਾਂ. ਪ੍ਰੀ. ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ ਹਨ ਤੇ ਦੋਵੇਂ ਆਖਰੀ-4 ਵਿਚ ਸ਼ਾਮਲ ਹੋਣ ਵਿਚ ਅਸਫਲ ਰਹੀਆਂ। ਯੂਰਪੀਅਨ ਬਲਿਟਜ਼ ਚੈਂਪੀਅਨ ਰੂਸ ਦੀ ਅਲੈਗਜ਼ੈਂਡਰਾ ਕੋਸਟੇਨਿਯੁਕ ਨੇ ਹੈਰਾਨੀਜਨਕ ਤੌਰ ਨਾਲ ਭਾਰਤ ਦੀ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੂੰ 9-2 ਨਾਲ ਹਰਾਇਆ ਤੇ ਕੋਨੇਰੂ ਹੰਪੀ ਨੂੰ ਇਕ ਵਾਰ ਫਿਰ ਆਨਲਾਈਨ ਸ਼ਤਰੰਜ ਰਾਸ ਨਹੀਂ ਆਈ ਜਦਕਿ ਮਹਿਲਾਵਾਂ ਵਿਚ ਵਿਸ਼ਵ ਨੰਬਰ-1 ਚੀਨ ਦੀ ਹਾਓ ਇਫਾਨ ਨੇ ਹਰਿਕਾ ਦ੍ਰੋਣਾਵਲੀ ਨੂੰ ਪਛਾੜ ਕੇ 7-3 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਉਥੇ ਹੀ ਇਕ ਹੋਰ ਵੱਡੇ ਉਲਟਫੇਰ ਵਿਚ ਇਰਾਨ ਦੀ ਸਾਰਾਸਾਦਤ ਖਦੇਮਲਸਰੀਹ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਜੂ ਵੇਂਜੂਨ ਨੂੰ 7-5 ਨਾਲ ਹਰਾਉਂਦੇ ਹੋਏ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ। ਉਥੇ ਹੀ ਇਕ ਹੋਰ ਮੁਕਾਬਲੇ ਵਿਚ ਰੂਸ ਦੀ ਮੌਜੂਦਾ ਵਿਸ਼ਵ ਬਲਿਟਜ਼ ਚੈਂਪੀਅਨ ਲਾਗਨੋਂ ਕਾਟੇਰਯਨਾ ਨੇ ਗ੍ਰਾਂ. ਪ੍ਰੀ. ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੀ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਨੂੰ ਬੇਹੱਦ ਸਖਤ ਮੁਕਾਬਲੇ ਵਿਚ ਟਾਈਬ੍ਰੇਕ ਵਿਚ 7-6 ਨਾਲ ਹਰਾਇਆ। ਹੁਣ ਸੈਮੀਫਾਈਨਲ ਵਿਚ ਰੂਸ ਦੀ ਕਾਟੇਰਯਨਾ ਰੂਸ ਦੀ ਹੀ ਅਲੈਗਜ਼ੈਂਡਰਾ ਕੋਸਟੇਨਿਯੁਕ ਨਾਲ ਤੇ ਚੀਨ ਦੀ ਹਾਓ ਇਫਾਨ ਇਰਾਨ ਦੀ ਸਾਰਾਸਾਦਾਤ ਨਾਲ ਮੁਕਾਬਲਾ ਖੇਡੇਗੀ।