ਖਰਾਬ ਬੱਲੇਬਾਜ਼ੀ ਕਾਰਨ ਹਾਰੀ ਟੀਮ : ਕੋਹਲੀ
Wednesday, Jan 17, 2018 - 06:34 PM (IST)

ਸੈਂਚੁਰੀਅਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਇੱਥੇ ਮੈਚ ਤੋਂ ਬਾਅਦ ਕਿਹਾ ਕਿ ਬੱਲੇਬਾਜ਼ਾਂ ਦੀ ਗਲਤੀ ਕਾਰਨ ਉਸ ਦੀ ਟੀਮ ਨੂੰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਅੱਜ ਇੱਥੇ 135 ਦੌੜਾਂ ਨਾਲ ਹਾਰ ਝੰਲਣੀ ਪਈ ਜਿਸ ਨਾਲ ਉਸ ਨੇ ਤਿੰਨ ਮੈਚਾਂ ਦੀ ਸੀਰੀਜ਼ 0-2 ਨਾਲ ਗੁਆ ਦਿੱਤੀ ਹੈ। ਭਾਰਤੀ ਟੀਮ ਨੇ ਕੇਪਟਾਊਨ 'ਚ ਪਹਿਲਾਂ ਮੈਚ 72 ਦੌੜਾਂ ਨਾਲ ਗੁਆ ਦਿੱਤਾ ਸੀ।
ਬੱਲੇਬਾਜ਼ਾਂ ਦੀ ਖਰਾਬ ਖੇਡ ਕਾਰਨ ਹਾਰੀ ਟੀਮ
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਵਧੀਆ ਭਾਗੇਦਾਰੀ ਕਰਨ ਅਤੇ ਬੜਤ ਬਣਾਉਣ 'ਚ ਅਸਫਲ ਰਹੇ। ਅਸੀਂ ਹਾਰ ਲਈ ਖੁਦ ਜਿੰਮੇਵਾਰ ਹਾਂ। ਗੇਂਦਬਾਜ਼ਾਂ ਨੇ ਆਪਣੀ ਭੂਮਿਕਾ ਠੀਕ ਤਰ੍ਹਾਂ ਨਿਭਾਈ ਪਰ ਬੱਲੇਬਾਜ਼ਾਂ ਕਾਰਨ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਪਰ ਟੀਮ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਖਾਸ ਕਰਕੇ ਫੀਲਡਿੰਗ 'ਚ। ਕੋਹਲੀ ਨੇ ਪਹਿਲੀ ਪਾਰੀ 'ਚ 153 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਉਸ ਨੇ ਕਿਹਾ ਕਿ ਭਾਰਤੀ ਟੀਮ ਨੇ ਸੈਂਚੁਰੀਅਨ ਦੀ ਵਿਕਟ ਸਮਝਣ 'ਚ ਗਲਤੀ ਕੀਤੀ।
ਕੋਹਲੀ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਵਿਕਟ ਸਪਾਟ ਹੈ। ਇਹ ਸਾਡੇ ਲਈ ਹੈਰਾਨੀ ਭਰਿਆ ਸੀ। ਮੈਂ ਟੀਮ ਦੇ ਖਿਡਾਰੀਆਂ ਨੂੰ ਕਿਹਾ ਕਿ ਟਾਸ ਤੋਂ ਪਹਿਲਾਂ ਵਿਕਟ ਜਿਸ ਤਰ੍ਹਾਂ ਦੀ ਦਿਖਾਈ ਦੇ ਰਹੀ ਸੀ ਉਹ ਉਸ ਤੋਂ ਅਲੱਗ ਹੈ। ਵਿਸ਼ੇਸ਼ ਕਰ ਕੇ ਪਹਿਲੀ ਪਾਰੀ 'ਚ ਦੱਖਣੀ ਅਫਰੀਕਾ ਦੇ ਵਿਕਟ ਗੁਆਣ ਤੋਂ ਬਾਅਦ ਸਾਨੂੰ ਉਸ ਦਾ ਫਾਇਦਾ ਚੁੱਕਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਮੇਰੇ ਲਈ 150 ਤੋਂ ਵੱਧ ਦੌੜਾਂ ਕੋਈ ਮਾਇਨੇ ਨਹੀਂ ਰੱਖਦੀਆਂ ਜਦਕਿ ਅਸੀਂ ਸੀਰੀਜ਼ ਗੁਆ ਚੁੱਕੇ ਸੀ। ਜੇਕਰ ਅਸੀਂ ਜਿੱਤ ਜਾਂਦੇ ਤਾਂ 30 ਦੌੜਾਂ ਵੀ ਕਾਫੀ ਮਾਇਨੇ ਰੱਖਦੀਆਂ। ਇਕ ਟੀਮ ਦੇ ਤੌਰ 'ਤੇ ਤੁਹਾਨੂੰ ਸਮੂਹ ਦੇ ਰੂਪ 'ਚ ਜਿੱਤ ਹਾਸਲ ਕਰਨੀ ਹੁੰਦੀ ਹੈ।