ਕਾਰਵਾਈ ਕਰਨ ਗਈ ਨਿਗਮ ਅਸਟੇਟ ਵਿਭਾਗ ਦੀ ਟੀਮ ਦੀ ਗੱਡੀ ’ਤੇ ਚੱਲੇ ਇੱਟਾਂ-ਰੋੜੇ
Friday, May 16, 2025 - 02:17 PM (IST)

ਅੰਮ੍ਰਤਸਰ (ਰਮਨ)- ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਛੇਹਰਟਾ ਰੋਡ ਸਥਿਤ ਫੁੱਟਪਾਥ ’ਤੇ ਹੋਈ ਨਾਜਾਇਜ਼ ਇੰਕਰੌਚਮੈਂਟ ਨੂੰ ਹਟਾਉਣ ਸਮੇਂ ਕਾਰਵਾਈ ਦੌਰਾਨ ਟੀਮ ਨਾਲ ਬਦਸਲੂਕੀ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੱਡੀ ’ਤੇ ਇੱਟਾਂ-ਰੋੜੇ ਚਲਾ ਕੇ ਭੰਨਤੋੜ ਕੀਤੀ ਗਈ। ਪਿਛਲੇ ਦਿਨੀਂ ਕਮਿਸ਼ਨਰ ਗੁਲਪ੍ਰੀਤ ਸਿੰਘ ਅਲੌਖ ਵਲੋਂ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਵਲੋਂ ਫੁੱਟਪਾਥ ’ਤੇ ਨਾਜਾਇਜ਼ ਇੰਕਰੌਚਮੈਂਟ ਕੀਤੀ ਗਈ ਅਤੇ ਰੇਤ, ਬਜਰੀ ਰੱਖੀ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਸ ਨੂੰ ਲੈ ਕੇ ਅਸਟੇਟ ਵਿਭਾਗ ਦੀ ਟੀਮ ਵਲੋਂ ਬੀਤੇ ਦਿਨ ਦੇਰ ਰਾਤ ਨੂੰ ਛੇਹਰਟਾ ਰੋਡ ਸਥਿਤ ਫੁੱਟਪਾਥ ’ਤੇ ਹੋਈ ਨਾਜਾਇਜ਼ ਇੰਕਰੌਚਮੈਂਟ ਨੂੰ ਹਟਾਇਆ ਅਤੇ ਰੇਤ, ਬੱਜਰੀ ਜ਼ਬਤ ਕੀਤੀ ਤਾਂ ਉੱਥੇ ਉਨ੍ਹਾਂ ਦਾ ਇਲਾਕਾ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਦੇ ਗੱਡੀ ਦੀ ਭੰਨਤੋੜ ਕਰਨ ਤੋਂ ਇਲਾਵਾ ਬਹਿਸਬਾਜ਼ੀ ਹੋਈ।
ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ
ਇਸ ਮਾਮਲੇ ਨੂੰ ਲੈ ਕੇ ਅਸਟੇਟ ਵਿਭਾਗ ਵਲੋਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਰਾਹੀਂ ਪੁਲਸ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਸਿਵਲ ਵਿਭਾਗ ਦੇ ਜੇ. ਈ. ਅਰੁਣ ਕੁਮਾਰ ਅਤੇ ਉਨ੍ਹਾਂ ਦੀ ਸਾਰੀ ਟੀਮ, ਨਗਰ ਨਿਗਮ ਪੁਲਸ ਵਿਭਾਗ ਤੋਂ ਹਰਪਾਲ ਸਿੰਘ ਸਬ-ਇੰਸਪੈਕਟਰ, ਦਿਲਬਾਗ ਸਿੰਘ ਏ. ਐੱਸ. ਆਈ. ਅਤੇ ਲਖਵਿੰਦਰ ਸਿੰਘ ਕਾਂਸਟੇਬਲ, ਅਸਟੇਟ ਵਿਭਾਗ ਤੋਂ ਧਰਮਿੰਦਰਜੀਤ ਸਿੰਘ, ਅਸਟੇਟ ਅਫਸਰ ਸਮੇਤ ਫੀਲਡ ਸਟਾਫ ਜਿਸ ਵਿੱਚ ਅਮਨ ਕੁਮਾਰ, ਇੰਸਪੈਕਟਰ, ਸਮੇਤ ਫੀਲਡ ਸਟਾਫ ਅਤੇ ਲੇਬਰ ਮੌਜੂਦ ਸੀ।
ਟੀਮ ਵਲੋਂ ਫੁੱਟਪਾਥ ’ਤੇ ਹੋਈ ਨਾਜਾਇਜ਼ ਇੰਕਰੌਚਮੈਂਟ ਨੂੰ ਹਟਾਉਣ ਲਈ ਪੁਤਲੀਘਰ ਚੌਕ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਇਸ ਕਾਰਵਾਈ ਨੂੰ ਕਰਦੇ ਹੋਏ ਜਦੋਂ ਸਾਰੀ ਟੀਮ ਛੇਹਰਟਾ ਚੌਕ ਤੋਂ ਅੱਗੇ ਡੀ. ਕੇ. ਸੀਮੈਂਟ ਸਟੋਰ ਦੇ ਕੋਲ ਪਹੁੰਚੀ ਤਾਂ ਟੀਮ ਵਲੋਂ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਫੁੱਟਪਾਥ ’ਤੇ ਰੱਖੀਆਂ ਇੱਟਾਂ, ਰੇਤਾਂ, ਬਜਰੀ ਆਦਿ ਨੂੰ ਟਿਪਰ ਵਿੱਚ ਪਾਉਣਾ ਸ਼ੁਰੂ ਕੀਤਾ ਤਾਂ ਮੌਕੇ ’ਤੇ ਲਗਭਗ 15-20 ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦਲਜੀਤ ਕੁਮਾਰ (ਡੀ. ਕੇ ਸੀਮੈਂਟ ਸਟੋਰ), ਸ਼ਿਵ ਜੀ (ਕਰਿਆਣਾ ਸਟੋਰ ਵਾਲਾ) ਅਤੇ ਹੋਰ ਅਣਪਛਾਤੇ ਵਿਅਕਤੀ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ
ਇਨ੍ਹਾਂ ਦੋਨਾਂ ਵਿਅਕਤੀ ਸਾਰੀ ਭੀੜ ਨੂੰ ਲੀਡ ਕਰ ਰਹੇ ਸਨ ਅਤੇ ਇਨ੍ਹਾਂ ਵਲੋਂ ਬਾਕੀ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਟੀਮ ਵਲੋਂ ਕੀਤੀ ਗਈ ਕਾਰਵਾਈ ਦੀ ਵਿਰੋਧ ਕੀਤਾ ਗਿਆ ਅਤੇ ਸਾਰੀ ਟੀਮ ਨਾਲ ਬਦਸਲੂਕੀ ਕੀਤੀ ਗਈ, ਜਿਸ ਵਿਚ ਪੁਲਸ ਵਿਭਾਗ ਦੀ ਟੀਮ ਵੀ ਸ਼ਾਮਲ ਸੀ। ਇਸ ਕਾਰਵਾਈ ਸਮੇਂ ਉਕਤ ਵਿਅਕਤੀਆਂ ਵਲੋਂ ਅਸਟੇਟ ਅਫਸਰ ਦੀ ਜਿਪਸੀ ਦਾ ਖੱਬੇ ਪਾਸੇ ਵਾਲੇ ਸ਼ੀਸ਼ਾ ਅਤੇ ਬੈਕਸਾਈਡ ਵਾਲਾ ਸ਼ੀਸ਼ਾ ਇੱਟ ਮਾਰ ਕੇ ਤੋੜ ਦਿੱਤਾ ਗਿਆ। ਇਸ ਦੌਰਾਨ ਅਸਟੇਟ ਅਫਸਰ ਨੇ ਆਪਣੀ ਬੜੀ ਮੁਸ਼ਕਲ ਨਾਲ ਜਾਨ ਨੂੰ ਬਚਾਇਆ। ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਪੁਲਸ ਪ੍ਰਸਾਸ਼ਨ ਕੋਲੋਂ ਮੰਗ ਕੀਤੀ ਕਿ ਉਕਤ ਦਲਜੀਤ ਕੁਮਾਰ (ਡੀ. ਕੇ ਸੀਮੈਂਟ ਸਟੋਰ), ਸ਼ਿਵਜੀ (ਕਰਿਆਣਾ ਸਟੋਰ) ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਸਰਕਾਰੀ ਕੰਮ ਵਿਚ ਵਿਘਣ ਪਾਉਣ, ਟੀਮ ਨਾਲ ਗਾਲੀ-ਗਲੋਚ ਕਰਨ, ਸਰਕਾਰੀ ਜਿਪਸੀ ਨੂੰ ਨੁਕਸਾਨ ਪਹੁੰਚਾਉਣ ’ਤੇ ਇਨ੍ਹਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, 19 ਮਈ ਤੋਂ 3 ਜੂਨ ਤੱਕ ਲੱਗਣਗੇ ਰੁਜ਼ਗਾਰ ਮੇਲੇ
ਕੌਂਸਲਰਾਂ ਨਾਲ ਇਲਾਕਾ ਵਾਸੀਆਂ ਨੇ ਸੀਨੀਅਰ ਡਿਪਟੀ ਮੇਅਰ ਨੂੰ ਸੌਪਿਆ ਮੰਗ ਪੱਤਰ
ਇਸ ਦੇ ਨਾਲ ਹੀ ਦੂਜੇ ਪਾਸੇ ਕੌਂਸਲਰਾਂ ਨਾਲ ਇਲਾਕਾ ਵਾਸੀਆਂ ਵਲੋਂ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੂੰ ਉਕਤ ਮਾਮਲੇ ਨੂੰ ਲੈ ਕੇ ਮੰਗ-ਪੱਤਰ ਦਿੱਤਾ ਗਿਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਸ਼ਹਿਰ ਵਿਚ ਬਲੈਕਆਊਟ ਹੈ ਅਤੇ ਦੇਰ ਰਾਤ ਨੂੰ ਉਨ੍ਹਾਂ ਦੇ ਰੇਤ, ਬਜਰੀ ਅਤੇ ਇੱਟਾਂ ਚੁੱਕੀਆਂ ਜਾਂਦੀਆਂ ਹਨ।
ਉਨ੍ਹਾਂ ਵਲੋਂ ਅਧਿਕਾਰੀਆਂ ਦੀ ਗੱਡੀ ਦੀ ਭੰਨਤੋੜ, ਗਾਲੀ ਗਲੋਚ ਅਤੇ ਬਦਸਲੂਕੀ ਕਰਨ ਦਾ ਦੋਸ਼ ਬਿਲਕੁਲ ਝੂਠ ਹੈ। ਅਧਿਕਾਰੀ ਆਪਣਾ ਬਚਾਅ ਕਰਨ ਲਈ ਅਜਿਹੇ ਝੂਠੇ ਦੋਸ਼ ਲਗਾ ਰਹੇ ਹਨ, ਕਿਉਂਕਿ ਅਧਿਕਾਰੀ ਸ਼ਹਿਰ ਵਿਚ ਰੇਹੜੀਆਂ ਵਾਲਿਆਂ ਤੋਂ ਵਸੂਲੀ ਕਰਦੇ ਹਨ। ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਇਲਾਕਾ ਵਾਸੀਆ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਰਮਨ ਕੁਮਾਰ ਰੰਮੀ, ਸਤੀਸ਼ ਬੱਲੂ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8