ਕਾਰ ਗੈਰਾਜ ''ਚ ਲੱਗੀ ਭਿਆਨਕ ਅੱਗ, ਸਮਾਨ ਸੜਨ ਕਾਰਨ ਲੱਖਾਂ ਦਾ ਨੁਕਸਾਨ

Friday, May 16, 2025 - 12:34 PM (IST)

ਕਾਰ ਗੈਰਾਜ ''ਚ ਲੱਗੀ ਭਿਆਨਕ ਅੱਗ, ਸਮਾਨ ਸੜਨ ਕਾਰਨ ਲੱਖਾਂ ਦਾ ਨੁਕਸਾਨ

ਮਾਛੀਵਾੜਾ ਸਾਹਿਬ (ਟੱਕਰ) : ਸਮਰਾਲਾ ਰੋਡ ’ਤੇ ਸਥਿਤ ਇੱਕ ਕਾਰ ਗੈਰਾਜ ਵਿਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿਚ ਖੜ੍ਹੀਆਂ 2 ਕਾਰਾਂ ਸਮੇਤ ਹੋਰ ਕਾਫ਼ੀ ਸਮਾਨ ਸੜਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਾਰ ਗੈਰਾਜ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗੱਡੀਆਂ ਦੀ ਡੈਂਟਿੰਗ, ਪੇਟਿੰਗ ਦੇ ਨਾਲ ਨਾਲ ਕਾਰ ਬਜ਼ਾਰ ਦਾ ਕੰਮ ਵੀ ਹੈ ਅਤੇ ਬੀਤੀ ਰਾਤ ਉਨ੍ਹਾਂ ਨੂੰ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਗੈਰਾਜ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ।

ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮੌਕੇ ’ਤੇ ਪਹੁੰਚੇ, ਜਿਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸਮਰਾਲਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ। ਗੈਰਾਜ ਮਾਲਕ ਕੁਲਵੰਤ ਸਿੰਘ ਗਿੱਲ ਅਨੁਸਾਰ ਉਸ ਦੇ ਗੈਰਾਜ ਵਿਚ ਖੜ੍ਹੀਆਂ 2 ਕਾਰਾਂ ਤਾਂ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਖ਼ਤਮ ਹੋ ਗਈਆਂ, ਜਦੋਂ ਕਿ ਕੁਝ ਨੂੰ ਨੁਕਸਾਨ ਪਹੁੰਚਿਆ।

ਉਨ੍ਹਾਂ ਕਿਹਾ ਕਿ ਅੱਗ ਨਾਲ ਗੈਰਾਜ ਵਿਚ ਪਿਆ ਹੋਰ ਸਮਾਨ ਵੀ ਸੜਕੇ ਸੁਆਹ ਹੋ ਗਿਆ, ਜਿਸ ਕਾਰਨ ਉਸਦਾ ਕਰੀਬ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਗੈਰਾਜ ਮਾਲਕ ਨੇ ਦੱਸਿਆ ਕਿ ਇਹ ਅੱਗ ਕਿਵੇਂ ਲੱਗੀ ਇਸ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਸੋਹਣ ਸਿੰਘ ਨੇ ਦੱਸਿਆ ਕਿ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।


author

Babita

Content Editor

Related News