ਚਿੱਟੇ ਦੀ ਓਵਰਡੋਜ਼ ਕਾਰਨ ਮੁੰਡੇ ਦੀ ਮੌਤ! ਮਾਪੇ ਕਹਿੰਦੇ- ਪੈਸਿਆਂ ਖਾਤਰ ਮਾਰ''ਤਾ...

Wednesday, May 14, 2025 - 09:13 PM (IST)

ਚਿੱਟੇ ਦੀ ਓਵਰਡੋਜ਼ ਕਾਰਨ ਮੁੰਡੇ ਦੀ ਮੌਤ! ਮਾਪੇ ਕਹਿੰਦੇ- ਪੈਸਿਆਂ ਖਾਤਰ ਮਾਰ''ਤਾ...

ਸਿੱਧਵਾਂ ਬੇਟ, (ਚਾਹਲ)- ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਨੌਜਵਾਨ ਵਲੋਂ ਪੈਸਿਆਂ ਖਾਤਿਰ ਆਪਣੇ ਦੋਸਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਤੇ ਪਰਵਾਰਿਕ ਮੈਂਬਰਾਂ ਅਨੁਸਾਰ ਨੌਜਵਾਨ ਦਾ ਉਸ ਦੇ ਦੋਸਤ ਵਲੋਂ ਪੈਸਿਆਂ ਲਈ ਕਤਲ ਕੀਤਾ ਗਿਆ ਹੈ ਜਦਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਹੈ। 

ਇਸ ਸਬੰਧੀ ਪੁਲਸ ਨੂੰ  ਦਿੱਤੇ ਬਿਆਨਾਂ ਰਾਹੀਂ ਮ੍ਰਿਤਕ ਕਮਲਪ੍ਰੀਤ ਸਿੰਘ (23) ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਮੇਰੇ ਲੜਕੇ ਦੀ ਪਿੰਡ ਦੇ ਹੀ ਯਾਦਵਿੰਦਰ ਸਿੰਘ ਨਾਲ ਦੋਸਤੀ ਸੀ ਤੇ ਉਹ ਇਕੱਠੇ ਰਹਿੰਦੇ ਸਨ। ਮੇਰਾ ਲੜਕਾ ਸਾਡੇ ਕੋਲੋਂ ਮੋਬਾਈਲ ਫੋਨ ਲੈਣ ਲਈ ਪੈਸਿਆਂ ਦੀ ਮੰਗ ਕਰਦਾ ਸੀ ਜਿਸ ਨੂੰ ਅਸੀਂ ਨਹੀਂ ਦਿੱਤੇ। ਮੇਰੇ ਲੜਕੇ ਨੂੰ ਯਾਦਵਿੰਦਰ ਸਿੰਘ ਨੇ ਮੋਬਾਈਲ ਫੋਨ ਲੈਣ ਲਈ 30 ਹਜ਼ਾਰ ਰੁਪਏ ਉਧਾਰ ਦੇ ਦਿੱਤੇ ਜਿਸ ਨੂੰ ਉਹ ਕਈ ਦਿਨਾਂ ਬਾਅਦ ਵਾਪਸ ਕਰਨ ਦੀ ਮੰਗ ਕਰਨ ਲੱਗਾ। ਪੈਸੇ ਨਾ ਹੋਣ ਕਰਕੇ ਮੇਰਾ ਲੜਕਾ ਯਾਦਵਿੰਦਰ ਨੂੰ ਲਾਰੇ ਲਾਉਦਾਂ ਰਿਹਾ। ਯਾਦਵਿੰਦਰ ਸਿੰਘ ਸਾਡੇ ਕੋਲ ਉਸ ਦਾ ਉਲਾਭਾਂ ਲੈ ਕੇ ਆਇਆ ਜਿਸ ਨੂੰ ਅਸੀ ਕਿਹਾ ਕਿ ਤੂੰ ਸਾਨੂੰ ਪੁੱਛੇ ਤੋਂ ਬਿਨਾਂ ਪੈਸੇ ਦਿੱਤੇ ਹਨ ਇਸ ਕਰਕੇ ਅਸੀ ਤੇਰੀ ਕੋਈ ਮਦਦ ਨਹੀਂ ਕਰ ਸਕਦੇ। 

ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਯਾਦਵਿੰਦਰ ਸਿੰਘ ਸਾਡੀ ਗੈਰਹਾਜ਼ਰੀ ਵਿਚ ਮੇਰੇ ਲੜਕੇ ਕਮਲਪ੍ਰੀਤ ਸਿੰਘ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਤੇ ਇੱਕ ਘੰਟੇ ਬਾਅਦ ਨੀਮ ਬਿਹੋਸ਼ੀ ਦੀ ਹਾਲਾਤ ਵਿਚ ਲੜਖੜਾਉਦੇਂ ਹੋਏ ਸਾਡੇ ਘਰ ਦੇ ਬਾਹਰ ਛੱਡ ਗਿਆ। ਜਦੋਂ ਅਸੀ ਆ ਕੇ ਦੇਖਿਆ ਤਾਂ ਮੇਰੇ ਲੜਕੇ ਦੀ ਮੌਤ ਹੋ ਚੁੱਕੀ ਸੀ। ਯਾਦਵਿੰਦਰ ਸਿੰਘ ਨੇ ਪੈਸਿਆਂ ਦੀ ਰੰਜਿਜ਼ ਕਰਕੇ ਹੀ ਮੇਰੇ ਲੜਕੇ ਕਮਲਪ੍ਰੀਤ ਸਿੰਘ ਨੂੰ ਕੋਈ ਜ਼ਹਿਰਲੀ ਚੀਜ਼ ਪਿਆ ਕੇ ਉਸ ਦਾ ਕਤਲ ਕਰ ਦਿੱਤਾ ਹੈ। 

ਇਸ ਸਬੰਧੀ ਥਾਣਾ ਸਦਰ ਦੇ ਮੁਖੀ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਕਮਲਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਯਾਦਵਿੰਦਰ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਸ਼ੇਰਪੁਰ ਕਲਾਂ ਖਿਲਾਫ ਕਤਲ ਕਰਨ ਦੇ ਦੋਸ਼ 'ਚ ਮੁੱਕਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਮਲਪ੍ਰੀਤ ਸਿੰਘ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ ਤੇ ਅੱਜ ਵੀ ਉਸ ਦੀ ਮੌਤ ਚਿੱਟੇ ਦੀ ਓਵਰਡੋਜ਼ ਕਰਕੇ ਹੀ ਹੋਈ ਹੈ। ਚਸ਼ਮਦੀਦਾਂ ਅਨੁਸਾਰ ਕਮਲਪ੍ਰੀਤ ਸਿੰਘ ਦੀ ਬਾਂਹ ਵਿਚ ਚਿੱਟੇ ਦਾ ਟੀਕਾ ਲੱਗਿਆ ਹੋਇਆ ਸੀ ਤੇ ਉਸ ਦੀ ਬਾਂਹ 'ਚੋਂ ਖੂਨ ਨਿਕਲ ਰਿਹਾ ਸੀ।


author

Rakesh

Content Editor

Related News