ਸਚਿਨ-ਗਾਂਗੁਲੀ ਪਿੱਛੇ ਛੱਡ ਰਹਾਣੇ ਤੇ ਕੋਹਲੀ ਦੀ ਜੋੜੀ ਨੇ ਟੈਸਟ ਕ੍ਰਿਕਟ ''ਚ ਬਣਾਇਆ ਇਹ ਰਿਕਾਰਡ
Sunday, Aug 25, 2019 - 12:31 PM (IST)

ਸਪੋਰਟਸ ਡੈਸਕ : ਅਜਿੰਕਿਆ ਰਹਾਣੇ ਦੇ ਲਗਾਤਾਰ ਅਰਧ ਸੈਕੜੇ ਅਤੇ ਵਿਰਾਟ ਕੋਹਲੀ ਦੀ ਅਰਧ ਸੈਂਕੜੇ ਦੀ ਪਾਰੀ ਨਾਲ ਭਾਰਤ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਦੂਜੀ ਪਾਰੀ 'ਚ ਤਿੰਨ ਵਿਕਟਾਂ 'ਤੇ 185 ਦੌੜਾਂ ਬਣਾ ਕੇ ਮੈਚ 'ਤੇ ਮਜਬੂਤ ਪਕੜ ਬਣਾ ਲਈ। ਇਸ ਦੇ ਨਾਲ ਹੀ ਵਿਰਾਟ-ਰਹਾਣੇ ਦੀ ਜੋੜੀ ਨੇ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਭਾਰਤੀ ਕਪਤਾਨ ਕੋਹਲੀ ਅਤੇ ਉਪ ਕਪਤਾਨ ਰਹਾਣੇ ਦੋਨਾਂ ਮਿਲ ਕੇ ਭਾਰਤ ਲਈ ਟੈਸਟ ਕ੍ਰਿਕੇਟ 'ਚ ਸਭ ਤੋਂ ਜ਼ਿਆਦਾ ਵਾਰ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦੋਨਾਂ ਨੇ ਅੱਠਵੀਂ ਵਾਰ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਦੇ ਨਾਂ ਦਰਜ ਸੀ। ਇਸ ਮਹਾਨ ਜੋੜੀ ਨੇ 7 ਵਾਰ ਭਾਰਤ ਲਈ ਟੈਸਟ ਕ੍ਰਿਕਟ 'ਚ ਚੌਥੀ ਵਿਕਟ ਲਈ ਸੈਂਕੜੇ ਸਾਂਝੇਦਾਰੀ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਰਹਾਣੇ ਨੇ ਕੇਮਾਰ ਰੋਚ ਦੀ ਗੇਂਦ 'ਤੇ ਜਾਨ ਕੈਂਪਬੇਲ ਵੱਲੋਂ 17 ਦੌੜਾਂ 'ਤੇ ਕੈਚ ਛੁੱਟਣ ਦਾ ਪੂਰਾ ਫਾਇਦਾ ਚੁੱਕਿਆ ਅਤੇ ਆਪਣੇ ਕਰੀਅਰ ਦਾ 18ਵਾਂ ਅਰਧ ਸੈਂਕੜਾ ਲਾਇਆ। ਰਹਾਣੇ ਅਤੇ ਕੋਹਲੀ ਨੇ 41.4 ਓਵਰ 'ਚ ਚੌਥੀ ਵਿਕਟ ਲਈ ਅਜੇਤੂ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਸਟਇੰਡੀਜ਼ ਲਈ ਆਫ ਸਪਿਨਰ ਰੋਸਟਨ ਚੇਜ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 42 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਨੂੰ ਦਿਨ ਦੇ ਦੂਜੇ ਸੈਸ਼ਨ 'ਚ ਪਹਿਲੀ ਸਫਲਤਾ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ। ਪਾਰੀ ਦੇ 14ਵੇਂ ਓਵਰ 'ਚ ਮਯੰਕ ਅੱਗਰਵਾਲ 16 ਦੌੜਾਂ ਬਣਾ ਕੇ ਰੋਸਟਨ ਚੇਜ ਦੀ ਗੇਂਦ 'ਤੇ ਐੱਲ ਬੀ. ਡਬਲੀਊ ਆਊਟ ਹੋਏ।