ਕੋਹਲੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

Sunday, Feb 19, 2023 - 04:54 PM (IST)

ਕੋਹਲੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

ਸਪੋਰਟਸ ਡੈਸਕ— ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰੀਅਰ 'ਚ ਇਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਹੈ। ਵਿਰਾਟ ਹੁਣ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਇਹ ਉਪਲਬਧੀ ਨਵੀਂ ਦਿੱਲੀ ਵਿੱਚ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਦੇ ਤੀਜੇ ਦਿਨ ਹਾਸਲ ਕੀਤੀ।

ਕੋਹਲੀ ਨੇ ਇਸ ਦੇ ਨਾਲ ਹੀ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 577 ਪਾਰੀਆਂ 'ਚ ਇਹ ਰਿਕਾਰਡ ਬਣਾਇਆ ਸੀ। ਜਦਕਿ ਵਿਰਾਟ ਨੇ 549 ਪਾਰੀਆਂ 'ਚ ਅਜਿਹਾ ਕੀਤਾ ਹੈ। ਕੋਹਲੀ ਅਤੇ ਸਚਿਨ ਤੋਂ ਬਾਅਦ, ਰਿਕੀ ਪੋਂਟਿੰਗ (588), ਜੈਕ ਕੈਲਿਸ (594), ਕੁਮਾਰ ਸੰਗਾਕਾਰਾ (608) ਅਤੇ ਮਹੇਲਾ ਜੈਵਰਧਨੇ (701) ਇਹ ਉਪਲਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਹਨ। ਹੁਣ ਤੱਕ ਸਿਰਫ਼ 6 ਬੱਲੇਬਾਜ਼ ਹੀ 25,000 ਦੌੜਾਂ ਦੇ ਅੰਕੜੇ ਤੱਕ ਪਹੁੰਚ ਸਕੇ ਹਨ।

ਇਹ ਵੀ ਪੜ੍ਹੋ : ਸੌਰਾਸ਼ਟਰ ਨੇ ਬੰਗਾਲ ਨੂੰ ਹਰਾ ਕੇ ਜਿੱਤਿਆ ਰਣਜੀ ਟਰਾਫੀ ਖ਼ਿਤਾਬ

ਕੋਹਲੀ ਨੇ 492 ਮੈਚਾਂ ਅਤੇ 549 ਪਾਰੀਆਂ ਵਿੱਚ 53.55 ਦੀ ਔਸਤ ਨਾਲ 25,012 ਦੌੜਾਂ ਬਣਾਈਆਂ ਹਨ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦੇ ਨਾਮ 74 ਸੈਂਕੜੇ ਅਤੇ 129 ਅਰਧ ਸੈਂਕੜੇ ਹਨ। ਉਸਨੇ ਹੁਣ ਤੱਕ 106 ਟੈਸਟ ਮੈਚ ਖੇਡੇ ਹਨ, ਜਿਸ ਵਿੱਚ 27 ਸੈਂਕੜੇ ਅਤੇ 28 ਅਰਧ ਸੈਂਕੜੇ ਦੀ ਮਦਦ ਨਾਲ 48.77 ਦੀ ਔਸਤ ਨਾਲ 8,195 ਦੌੜਾਂ ਬਣਾਈਆਂ ਹਨ। ਟੈਸਟ ਫਾਰਮੈਟ ਵਿੱਚ ਉਸਦਾ ਸਰਵੋਤਮ ਸਕੋਰ 254 ਅਜੇਤੂ ਹੈ।

ਵਨਡੇ 'ਚ ਕੋਹਲੀ ਨੇ 271 ਮੈਚਾਂ 'ਚ 57.69 ਦੀ ਔਸਤ ਨਾਲ 12,809 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਵਨਡੇ 'ਚ 46 ਸੈਂਕੜੇ ਅਤੇ 64 ਅਰਧ ਸੈਂਕੜੇ ਲਗਾਏ ਹਨ। ਵਨਡੇ ਫਾਰਮੈਟ ਵਿੱਚ ਉਸਦਾ ਸਰਵੋਤਮ ਸਕੋਰ 183 ਦੌੜਾਂ ਹੈ। ਇਸ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਨੇ 52.73 ਦੀ ਔਸਤ ਨਾਲ 4,008 ਦੌੜਾਂ ਬਣਾਈਆਂ ਹਨ। ਉਸ ਨੇ ਟੀ-20 ਫਾਰਮੈਟ ਵਿੱਚ ਇੱਕ ਸੈਂਕੜਾ ਅਤੇ 37 ਅਰਧ ਸੈਂਕੜੇ ਲਗਾਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News