ਜਾਣੋ ਰਾਸ਼ਟਰਮੰਡਲ ਖੇਡਾਂ 2018 'ਚ ਭਾਰਤ ਦੀ ਕੀ ਹੈ ਸਥਿਤੀ
Wednesday, Apr 11, 2018 - 02:36 PM (IST)

ਗੋਲਡ ਕੋਸਟ (ਬਿਊਰੋ)— ਗੋਲਡ ਕੋਸਟ 'ਚ 21ਵੇਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਵੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਤਗਮਾ ਜਿੱਤਣ ਦੀ ਸੂਚੀ 'ਚ ਭਾਰਤ 12 ਸੋਨ ਤਗਮੇ ਸਮੇਤ ਕੁੱਲ 24 ਤਗਮੇ ਜਿੱਤ ਕੇ ਸੂਚੀ 'ਚ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਪਹਿਲੇ ਸਥਾਨ 'ਤੇ ਆਸਟਰੇਲੀਆ ਹੈ। ਆਸਟਰੇਲੀਆ ਦੇ ਖਿਡਾਰੀਆਂ ਨੇ 52 ਸੋਨ ਤਗਮੇ, 39 ਚਾਂਦੀ ਅਤੇ 42 ਕਾਂਸੀ ਤਗਮੇ ਹਾਸਲ ਕੀਤੇ ਹਨ। ਦੂਜੇ ਸਥਾਨ 'ਤੇ 75 ਤਗਮਿਆਂ ਨਾਲ ਇੰਗਲੈਂਡ ਦਾ ਕਬਜਾ ਹੈ।
ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ ਜਦਕਿ ਪੈਰਾ ਪਾਵਰਲਿਫਟਰ ਸਚਿਨ ਨੇ ਡੋਪਿੰਗ ਦੇ ਇਤਿਹਾਸ ਨੂੰ ਪਿੱਛੇ ਛੱਡਦੇ ਹੋਏ ਕਾਂਸੀ ਤਗਮਾ ਆਪਣੇ ਨਾਂ ਕੀਤਾ। ਉਥੇ ਹੀ ਕੁਸ਼ਤੀ ਅਜੇ ਸ਼ੁਰੂ ਨਹੀਂ ਹੋਈ ਅਤੇ ਮੁੱਕੇਬਾਜ਼ ਤਗਮੇ ਦੇ ਦੌਰ 'ਤੇ ਪਹੁੰਚੇ ਹੀ ਹਨ। ਇਸ ਲਈ ਭਾਰਤ ਦੇ ਨਾਂ ਅੱਜ ਜ਼ਿਆਦਾ ਤਗਮੇ ਨਹੀਂ ਹਨ। ਭਾਰਤ ਹਾਲਾਂਕਿ ਤਗਮੇ ਜਿੱਤਣ ਦੀ ਸੂਚੀ 'ਚ ਮੇਜ਼ਬਾਨ ਆਸਟਰੇਲੀਆ ਅਤੇ ਇੰਗਲੈਂਡ ਦੇ ਬਾਅਦ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ।
ਭਾਰਤ ਨੇ ਹੁਣ ਤੱਕ 12 ਸੋਨ ਤਗਮੇ, 4 ਚਾਂਦੀ ਅਤੇ 8 ਕਾਂਸੀ ਤਗਮੇ ਜਿੱਤੇ ਹਨ। ਬ੍ਰਿਸਬੇਨ ਦੇ ਬੇਲਮੋਟ ਸ਼ੂਟਿੰਗ 'ਚ ਭਾਰਤੀ ਖਿਡਾਰੀਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਸ਼ੁਰੁਆਤ ਜ਼ਿਆਦਾ ਚੰਗੀ ਨਹੀਂ ਰਹੀ। ਕਿਉਂਕਿ ਗਗਨ ਨਾਰੰਗ ਅਤੇ ਚੈਨ ਸਿੰਘ ਪੁਰਸ਼ਾਂ ਦੇ 50 ਮੀਟਰ ਰਾਈਫਲ ਪ੍ਰੋਨ 'ਚ ਤਗਮਾ ਜਿੱਤਣ 'ਚ ਅਸੱਫਲ ਰਹੇ। ਪਰ ਸਿੱਧੂ ਨੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ 'ਚ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ।