ਇਲਾਜ ਲਈ ਵਿਦੇਸ਼ ਜਾਣਗੇ ਕੇ.ਐੱਲ. ਰਾਹੁਲ, ਇੰਗਲੈਂਡ ਦੌਰੇ ਤੋਂ ਬਾਹਰ
Thursday, Jun 16, 2022 - 03:59 PM (IST)
ਮੁੰਬਈ (ਏਜੰਸੀ)- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਪ੍ਰਮੁੱਖ ਬੱਲੇਬਾਜ਼ ਕੇ.ਐੱਲ. ਰਾਹੁਲ ਕਮਰ ਦੀ ਸੱਟ ਕਾਰਨ ਇੰਗਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਕ੍ਰਿਕਬਜ਼ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰਿਕਬਜ਼ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕੇ.ਐੱਲ.ਰਾਹੁਲ ਨੂੰ ਕਮਰ ਦੀ ਸੱਟ ਦੇ ਇਲਾਜ ਲਈ ਜਰਮਨੀ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਉਹ ਇੰਗਲੈਂਡ ਦੌਰੇ ਵਿੱਚ ਹਿੱਸਾ ਨਹੀਂ ਲੈ ਸਕਣਗੇ, ਜਿੱਥੇ ਭਾਰਤ ਨੂੰ 7 ਮੈਚ ਖੇਡਣੇ ਹਨ।
ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕ੍ਰਿਕਬਜ਼ ਨੂੰ ਕਿਹਾ, “ਇਹ ਜਾਣਕਾਰੀ ਸਹੀ ਹੈ। ਬੋਰਡ ਉਨ੍ਹਾਂ ਦੀ ਸਿਹਤ 'ਤੇ ਕੰਮ ਕਰ ਰਿਹਾ ਹੈ ਅਤੇ ਉਹ ਜਲਦੀ ਹੀ ਜਰਮਨੀ ਜਾਣਗੇ।'' ਰਾਹੁਲ ਦੇ ਇਸ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ 'ਚ ਜਰਮਨੀ ਜਾਣ ਦੀ ਸੰਭਾਵਨਾ ਹੈ। ਜਰਮਨੀ ਵਿੱਚ ਇਲਾਜ ਦਾ ਮਤਲਬ ਹੈ ਕਿ ਰਾਹੁਲ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ, ਜਿੱਥੇ ਟੀਮ ਨੂੰ ਇੱਕ ਟੈਸਟ ਮੈਚ (1-5 ਜੁਲਾਈ) ਅਤੇ 6 ਸੀਮਤ ਓਵਰਾਂ ਦੇ ਮੈਚ ਖੇਡਣੇ ਹਨ।
ਰਾਹੁਲ ਨੂੰ ਤਿੰਨ ਟੀ-20 ਅਤੇ ਤਿੰਨ ਵਨਡੇ ਸਮੇਤ ਸੱਤ ਮੈਚਾਂ ਦੀ ਸੀਰੀਜ਼ ਵਿੱਚ ਉਪ-ਕਪਤਾਨ ਬਣਾਇਆ ਗਿਆ ਸੀ, ਪਰ ਹੁਣ ਭਾਰਤੀ ਚੋਣਕਾਰਾਂ ਨੂੰ ਰੋਹਿਤ ਸ਼ਰਮਾ ਦੇ ਉਪ ਕਪਤਾਨ ਲਈ ਨਵਾਂ ਨਾਮ ਚੁਣਨਾ ਹੋਵੇਗਾ। ਵੀਰਵਾਰ ਸਵੇਰੇ, ਭਾਰਤੀ ਟੀਮ ਦਾ ਇੱਕ ਜੱਥਾ ਐਜਬੈਸਟਨ ਟੈਸਟ ਲਈ ਇੰਗਲੈਂਡ ਲਈ ਰਵਾਨਾ ਹੋਇਆ, ਜਿਸ ਵਿੱਚ ਜ਼ਾਹਰ ਤੌਰ 'ਤੇ ਰਾਹੁਲ ਸ਼ਾਮਲ ਨਹੀਂ ਸਨ। ਧਿਆਨਦੇਣ ਯੋਗ ਹੈ ਕਿ ਰਾਹੁਲ ਨੇ ਇਸ ਸਾਲ ਫਰਵਰੀ ਤੋਂ ਇਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ, ਹਾਲਾਂਕਿ ਉਨ੍ਹਾਂ ਨੇ IPL 2022 ਵਿੱਚ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਕੀਤੀ ਸੀ।