IPL 2019 : ਰਸਲ ਦੇ ਤੂਫਾਨ 'ਚ ਉੱਡਿਆ ਹੈਦਰਾਬਾਦ, ਕੋਲਕਾਤਾ ਨੇ 6 ਵਿਕਟਾਂ ਨਾਲ ਜਿੱਤਿਆ ਮੈਚ
Sunday, Mar 24, 2019 - 08:02 PM (IST)

ਕੋਲਕਾਤਾ- ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਆਈ. ਪੀ. ਐੱਲ. ਸੀਜ਼ਨ 12 ਦਾ ਦੂਜਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਖੇਡਿਆ ਗਿਆ ਜਿਸ ਵਿਚ ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਟੀਮ ਨੇ ਕੋਲਕਾਤਾ ਨੂੰ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 182 ਦੌਡ਼ਾਂ ਦਾ ਟੀਚਾ ਦਿੱਤਾ ਜਿਸ ਨੂੁੰ ਕੋਲਕਾਤਾ ਨੇ 2 ਗੇਂਦਾ ਬਾਕੀ ਰਹਿੰਦਿਆ 6 ਵਿਕਟਾਂ ਨਾਲ ਹਾਸਲ ਕਰ ਲਿਆ।
ਦੱਸ ਦਈਏ ਕਿ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਸੀ। ਸਲਾਮੀ ਬੱਲੇਬਾਜ਼ੀ ਕ੍ਰਿਸ ਲਿਨ ਕੁਝ ਖਾਸ ਨਾ ਕਰ ਸਕੇ ਅਤੇ 7 ਦੌਡ਼ਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਿਤਿਸ਼ ਰਾਣਾ ਅਤੇ ਰਾਬਿਨ ਉੱਥਪਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ ਅਤੇ ਦੋਵਾਂ ਨੇ ਮਿਲ ਕੇ ਟੀਮ ਦਾ ਸਕੋਰ 87 ਤੱਕ ਪਹੁੰਚਾ ਦਿੱਤਾ। ਸ਼ਾਨਦਾਰ ਲੈਅ 'ਚ ਦਿਸ ਰਹੇ ਉੱਥਪਾ ਆਪਣੀ ਪਾਰੀ 35 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਸਿਧਾਰਥ ਕੌਲ ਹੱਥੋ ਬੋਲਡ ਹੋ ਗਏ। ਕਪਤਾਨ ਦਿਨੇਸ਼ ਕਾਰਤਿਕ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ 2 ਦੌਡ਼ਾਂ ਬਣਾ ਕੇ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਹੋ ਗਏ। ਇਕ ਪਾਸੇ ਜਿੱਥੇ ਬਾਕੀ ਬੱਲੇਬਾਜ਼ਾ ਆਊਟ ਹੁੰਦੇ ਰਹੇ ਉੱਥੇ ਹੀ ਦੂਜੇ ਪਾਸੇ ਵਿੰਡੀਜ਼ ਦੇ ਧਾਕਡ਼ ਖਿਡਾਰੀ ਆਂਦਰੇ ਰਸਲ ਖਡ਼ੇ ਰਹੇ ਅਤੇ ਤੇਜ਼ੀ ਨਾਲ ਦੌਡ਼ਾਂ ਬਣਾਉਦੇ ਰਹੇ। ਰਸਲ ਨੇ 49 ਦੌਡ਼ਾਂ ਦੀ ਤੂਫਾਨੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੇ ਦਰਵਾਜ਼ੇ ਤੱਕ ਲੈ ਗਿਆ। ਆਖਰ 'ਚ ਭਾਰਤ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ ਨੇ 2 ਛੱਕੇ ਲਾ ਕੇ ਜਿੱਤ ਨੂੰ ਕੋਲਕਾਤਾ ਦੀ ਝੋਲੀ ਵਿਚ ਪਾ ਦਿੱਤਾ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਸਲਾਮੀ ਜੋਡ਼ੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਡੇਵਿਡ ਵਾਰਨ ਤੇ ਜਾਨੀ ਬੇਅਰਸਟੋ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਟੀਮ ਨੇ ਪਹਿਲੀ ਵਿਕਟ ਲਈ 118 ਦੌਡ਼ਾਂ ਜੋਡ਼ੀਆਂ। ਬੈਨ ਤੋਂ ਵਾਪਸੀ ਕਰਨ ਵਾਲੇ ਡੇਵਿਡ ਵਾਰਨਰ ਨੇ 53 ਗੇਂਦਾਂ 'ਚ 85 ਦੌਡ਼ਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ 9 ਚੌਕੇ ਤੇ 3 ਛੱਕੇ ਸ਼ਾਮਲ ਰਹੇ। ਟੀਮ ਨੂੰ ਪਹਿਲਾ ਝਟਕਾ ਬੇਅਰਸਟੋ (39) ਦੇ ਰੂੁਪ ' ਰੂੁਪ 'ਚ ਲੱਗਾ। ਦੂਜਾ ਝਟਕਾ ਧਾਕਡ਼ ਖਿਡਾਰੀ ਵਾਰਨਰ ਦੇ ਰੂਪ 'ਚ ਟੀਮ ਨੂੰ ਲੱਗਾ। ਵਾਰਨਰ ਹਾਲਾਂਕਿ ਸੈਂਕਡ਼ਾ ਲਾਉਣ ਤੋਂ ਖੁੰਝ ਗਏ। ਇਸ ਤੋਂ ਬਾਅਦ ਯੂਸੁਫ ਪਠਾਨ ਵੀ ਟੀਮ ਲਈ ਸਿਰਫ 1 ਦੌਡ਼ ਦਾ ਹੀ ਯੋਗਦਾਨ ਦੇ ਕੇ ਪਵੇਲੀਅਨ ਪਰਤ ਗਏ।