DDCA ਨੇ ਕੇ. ਕੇ. ਅਗਰਵਾਲ ਦੇ ਦਿਹਾਂਤ ’ਤੇ ਜਤਾਇਆ ਸੋਗ, ਕਿਹਾ- ਉਹ ਜ਼ਿੰਦਾਦਿਲ ਤੇ ਖੇਡ ਪ੍ਰੇਮੀ ਸਨ
Tuesday, May 18, 2021 - 08:55 PM (IST)
ਨਵੀਂ ਦਿੱਲੀ— ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਮਸ਼ਹੂਰ ਕਾਰਡੀਓਲਾਜਿਸਟ ਡਾ ਕੇ. ਕੇ. ਅਗਰਵਾਲ ਦੇ ਕੋਰੋਨਾ ਵਾਇਰਸ ਦੇ ਚਲਦੇ ਦਿਹਾਂਤ ’ਤੇ ਡੂੰਘਾ ਸੋਗ ਪ੍ਰਗਟਾਇਆ ਹੈ। ਡੀ. ਡੀ. ਸੀ. ਏ. ਦੇ ਖ਼ਜ਼ਾਨਚੀ ਸ਼੍ਰੀਮਤੀ ਸ਼ਸ਼ੀ ਖੰਨਾ ਨੇ ਜਾਰੀ ਕੀਤੇ ਆਪਣੇ ਸੋਗ ਸੁਨੇਹੇ ’ਚ ਕਿਹਾ, ‘‘ਸਾਡੇ ਪਿਆਰੇ ਪਦਮਸ਼੍ਰੀ ਡਾ. ਕੇ. ਕੇ. ਅਗਰਵਾਲ ਦਾ ਕੋਰੋਨਾ ਨਾਲ ਲੰਬੀ ਲੜਾਈ ਦੇ ਬਾਅਦ ਦਿਹਾਂਤ ਹੋ ਗਿਆ। ਉਹ ਸਮਾਜਿਕ ਕੰਮਾਂ ਲਈ ਯੋਗਦਾਨ ਕਰ ਕੇ ਕਾਫ਼ੀ ਖੁਸ਼ੀ ਮਹਿਸੂਸ ਕਰਦੇ ਸਨ।
ਉਨ੍ਹਾਂ ਕਿਹਾ, ਉਹ ਇਕ ਜ਼ਿੰਦਾਦਿਲ ਇਨਸਾਨ, ਖੇਡ ਪ੍ਰੇਮੀ ਤੇ ਡੀ. ਡੀ. ਸੀ. ਏ. ਦੇ ਸਰਗਰਮ ਮੈਂਬਰ ਸਨ। ਉਨ੍ਹਾਂ ਦਾ ਹਾਰਟ ਕੇਅਰ ਫ਼ਾਊਂਡੇਸ਼ਨ ਸਮਾਜ ਲਈ ਇਕ ਵੱਡਾ ਯੋਗਦਾਨ ਹੈ। ਕੋਰੋਨਾ ਦੇ ਸਮੇਂ ’ਚ ਵੀ ਉਨ੍ਹਾਂ ਦੇ ਜਾਣਕਾਰੀ ਨਾਲ ਭਰੇ ਵੀਡੀਓ ਸਮਾਜ ਨੂੰ ਦਸਦੇ ਸਨ ਕਿ ਅਜਿਹੇ ਸੰਕਟ ’ਚ ਉਨ੍ਹਾਂ ਨੂੰ ਕਿਸ ਤਰ੍ਹਾਂ ਹਾਂ-ਪੱਖੀ ਨਜ਼ਰੀਆ ਰੱਖਣਾ ਹੈ। ਉਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਸਿਖਾਇਆ ਹੈ ਤੇ ਆਪਣੇ ਵੀਡੀਓ ਜ਼ਰੀਏ ਲੱਖਾਂ ਲੋਕਾਂ ਤਕ ਪਹੁੰਚੇ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਇਕ ਖ਼ਾਲੀਪਨ ਪੈਦਾ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ। ਪਦਮਸ਼੍ਰੀ ਨਾਲ ਸਨਮਾਨਤ ਅਤੇ ਭਾਰਤੀ ਮੈਡੀਕਲ ਸੰਘ ਦੇ ਸਾਬਕਾ ਪ੍ਰਧਾਨ ਡਾ. ਕੇ. ਕੇ. ਅਗਰਵਾਲ ਦਾ ਕੋਵਿਡ-19 ਨਾਲ ਲੰਬੀ ਲੜਾਈ ਦੇ ਬਾਅਦ ਨਵੀਂ ਦਿੱਲੀ ’ਚ 17 ਮਈ ਨੂੰ ਰਾਤ ਸਾਢੇ ਗਿਆਰਾਂ ਵਜੇ ਦਿਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ।