ਦੇਸ਼ 'ਚ ਸ਼ੁਰੂ ਹੋਵੇਗੀ 'ਖੇਡੀਏ ਭਾਰਤੀ ਮੁਹਿੰਮ' : ਮੋਦੀ

07/01/2017 1:28:57 AM

ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਗੁਜਰਾਤ ਸਰਕਾਰ ਦੇ ਸਾਲਾਨਾ ਆਯੋਜਨ ਖੇਡ ਮਹਾਕੁੰਭ-2017 ਦੀ ਸ਼ੁਰੂਆਤ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿਚ ਇਸੇ ਤਰਜ਼ 'ਤੇ ਖੇਡੀਏ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। 
ਸ਼੍ਰੀ ਮੋਦੀ ਨੇ ਖੇਡ ਮਹਾਕੁੰਭ ਦੀ ਐਪ ਤੇ ਪਿਛਲੇ ਸਾਲ ਵਿਸ਼ਵ ਕੱਪ ਕਬੱਡੀ ਦਾ ਮੇਜ਼ਬਾਨ ਰਹੇ ਇੰਟੀਗ੍ਰੇਟੇਡ ਸਪੋਰਟਸ ਏਰੇਨਾ-ਟ੍ਰਾਂਸਸਟੇਡੀਆ ਦਾ ਰਸਮੀ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿਚ ਦੇਸ਼ ਦੇ ਬੱਚਿਆਂ ਦਾ ਬਚਪਨ ਵੀ ਵੀਡੀਓ ਗੇਮ ਤੇ ਲੈਪਟਾਮ ਵਿਚ ਗੁੰਮ ਹੋ ਰਿਹਾ ਹੈ। ਅਜਿਹੇ ਵਿਚ ਸਰੀਰਕ ਸਮਰੱਥਾ ਤੇ ਵਿਅਕਤੀਗਤ ਵਿਕਾਸ ਲਈ ਖੇਡ ਦੇ ਮੈਦਾਨ ਵਿਚ ਬੱਚੇ ਖੇਡਣ, ਇਹ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਖੇਡ ਕੁੱਦ ਦੇ ਵਿਕਾਸ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਪੀ.ਪੀ.ਪੀ. ਮਾਡਲ ਅਪਣਾਇਆ ਗਿਆ ਹੈ, ਇਸਦੇ ਅਧੀਨ ਬੁਨਿਆਦੀ ਸਹੂਲਤਾਂ ਵਧਣਗੀਆਂ ਤੇ ਖਿਡਾਰੀਆਂ ਨੂੰ ਜ਼ਿਆਦਾ ਉਤਸ਼ਾਹ ਮਿਲੇਗਾ। ਇਕ ਸਮਾਂ ਸੀ ਜਦੋਂ ਗੁਜਰਾਤ ਤੇ ਖੇਡ ਕੁੱਦ ਇਕ-ਦੂਜੇ ਦੇ ਬਰਾਬਰ ਨਹੀਂ ਸੀ ਪਰ ਖੇਡ ਮਹਾਕੁੰਭ ਦੇ ਚਲਦੇ ਅੱਜ ਇੱਥੇ ਪਰਿਭਾਸ਼ਾ ਬਦਲ ਚੁੱਕੀ ਹੈ। ਪਿਛਲੇ ਖੇਡ ਮਹਾਕੁੰਭ ਵਿਚ 30 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਵੀ ਇਸ ਦਿਸ਼ਾ ਵਿਚ ਹੁਣ ਅੱਗੇ ਵਧ ਰਿਹਾ ਹੈ।
ਇਸ ਮੌਕੇ ਪੁਲੇਲਾ ਗੋਪੀ ਚੰਦ, ਕਿਦਾਂਬੀ ਸ਼੍ਰੀਕਾਂਤ, ਗਗਨ ਨਾਰੰਗ, ਸੁਸ਼ੀਲ ਕੁਮਾਰ, ਬਾਈਚੁੰਗ ਭੂਟੀਆ, ਪੈਰਾ ਉਲੰਪੀਅਨ ਦੀਪਾ ਮਲਿਕ, ਸਾਬਕਾ ਭਾਰਤੀ ਕਬੱਡੀ ਕਪਤਾਨ ਅਨੂਪ ਕੁਮਾਰ ਤੇ ਕ੍ਰਿਕਟਰ ਇਰਫਾਨ ਪਠਾਨ ਤੇ ਪਾਰਥਿਵ ਪਟੇਲ ਹਾਜ਼ਰ ਸਨ।


Related News