ਕਾਰਤਿਕ ਅਤੇ ਸਾਕਸ਼ੀ ਬਣੇ ਨੈਸ਼ਨਲ ਜੂਨੀਅਰ ਚੈਂਪੀਅਨ

12/06/2018 9:45:01 PM

ਨਵੀਂ ਦਿੱਲੀ (ਨਿਕਲੇਸ਼ ਜੈਨ)- ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚਲ ਰਹੇ ਨੈਸ਼ਨਲ ਜੂਨੀਅਰ ਸ਼ਤਰੰਜ ਮੁਕਾਬਲੇ ਦੀ ਸਮਾਪਤੀ ਅੱਜ ਆਂਧਰਾ ਪ੍ਰਦੇਸ਼ ਦੇ ਗ੍ਰੈਂਡ ਮਾਸਟਰ ਕਾਰਤਿਕ ਵੇਂਕਟਰਮਨ ਅਤੇ ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਦੇ ਜੇਤੂ ਬਣਨ ਦੇ ਨਾਲ ਹੀ ਹੋ ਗਈ।
ਪ੍ਰਤੀਯੋਗਿਤਾ ਵਿਚ ਸ਼ੁਰੂਆਤ ਤੋਂ ਹੀ ਖਿਤਾਬ ਦੇ ਦਾਅਵੇਦਾਰ ਰਹੇ ਕਾਰਤਿਕ ਨੇ ਆਖਰੀ ਰਾਊਂਡ ਵਿਚ ਰੋਮਾਂਚਕ ਮੁਕਾਬਲੇ ਵਿਚ ਕਰਨਾਟਕਾ ਦੇ ਇੰਟਰਨੈਸ਼ਨਲ ਮਾਸਟਰ ਰਘੁਨੰਦਨ ਸ਼੍ਰੀ ਹਰੀ ਨੂੰ ਹਰਾਉਂਦੇ ਹੋਏ 9 ਅੰਕਾਂ ਨਾਲ ਖਿਤਾਬ 'ਤੇ ਕਬਜ਼ਾ ਕਰ ਲਿਆ। ਖਿਤਾਬ ਦੇ ਹੋਰ ਦਾਅਵੇਦਾਰ ਰਹੇ 8 ਅੰਕਾਂ 'ਤੇ ਖੇਡ ਰਹੇ ਓਡਿਸ਼ਾ ਦੇ ਰਾਕੇਸ਼ ਜੇਨਾ ਅਤੇ ਮਹਾਰਾਸ਼ਟਰ ਦੇ ਸੰਮੇਦ ਸ਼ੇਠੇ ਨੇ ਪਹਿਲੇ ਬੋਰਡ 'ਤੇ ਡਰਾਅ ਤੇ ਦੂਸਰੇ ਬੋਰਡ 'ਤੇ ਮਹਾਰਾਸ਼ਟਰ ਦੇ ਸੁਯੋਗ ਵਾਘ ਅਤੇ ਗੋਆ ਦੇ ਨਿਤੀਸ਼ ਬੇਰੂਲਕਰ ਵਿਚਾਲੇ ਮੁਕਾਬਲਾ ਬੇਨਤੀਜਾ ਰਿਹਾ। ਇਹ ਸਾਰੇ ਖਿਡਾਰੀ 8.5 ਅੰਕਾਂ 'ਤੇ ਰਹੇ, ਜਦਕਿ ਆਖਰੀ ਰਾਊਂਡ ਵਿਚ 7.5 ਅੰਕਾਂ 'ਤੇ ਖੇਡ ਰਹੇ 3 ਹੋਰ ਖਿਡਾਰੀ ਵੀ 8.5 ਅੰਕਾਂ 'ਤੇ ਆ ਗਏ। ਇਸ ਤਰ੍ਹਾਂ ਟਾਈਬ੍ਰੇਕ ਦੇ ਆਧਾਰ 'ਤੇ ਰਾਕੇਸ਼ ਜੇਨਾ ਦੂਸਰੇ, ਏ. ਨਿਤੀਸ਼ ਬੇਰੂਲਕਰ ਤੀਸਰੇ, ਸੰਮੇਦ ਸ਼ੇਠੇ ਚੌਥੇ, ਬੰਗਾਲ ਦੇ ਅਰੋਣਯਕ ਘੋਸ਼ 5ਵੇਂ ਅਤੇ ਰਾਜਦੀਪ ਸਰਕਾਰ ਛੇਵੇਂ ਨੰਬਰ 'ਤੇ ਰਿਹਾ। 
ਬਾਲਿਕਾ ਵਰਗ ਵਿਚ ਆਖਰੀ ਰਾਊਂਡ ਵਿਚ ਕਾਫੀ ਉਲਟਫੇਰ ਹੋਏ, ਜਿਨ੍ਹਾਂ ਵਿਚ ਸਾਰੇ ਸਮੀਕਰਨ ਹੀ ਪਲਟ ਗਏ। ਪਹਿਲੇ ਟੇਬਲ 'ਤੇ 8.5 ਅੰਕਾਂ 'ਤੇ ਸਭ ਤੋਂ ਅੱਗੇ ਚਲ ਰਹੀ ਅਤੇ ਖਿਤਾਬ ਦੀ ਦਾਅਵੇਦਾਰ ਮਹਾਰਾਸ਼ਟਰ ਦੀ ਅਕਾਂਕਸ਼ਾ ਹਾਗਵਾਨੇ ਨੂੰ ਜਿੱਤ ਲਈ ਸਿਰਫ ਡਰਾਅ ਦੀ ਜ਼ਰੂਰਤ ਸੀ। ਆਖਰੀ ਰਾਊਂਡ ਵਿਚ ਉਸ ਨੂੰ ਕੇਰਲਾ ਦੀ ਮੇਘਨਾ ਸੀ. ਐੱਚ. ਕੋਲੋਂ ਹਾਰ ਝੱਲਣੀ ਪਈ। ਨਤੀਜੇ ਵਜੋਂ ਦੂਸਰੇ ਟੇਬਲ 'ਤੇ 8 ਅੰਕਾਂ 'ਤੇ ਖੇਡ ਰਹੀ ਮਹਾਰਾਸ਼ਟਰ ਦੀ ਮਹਿਲਾ ਇੰਟਰਨੈਸ਼ਨਲ ਮਾਸਟਰ ਸਾਕਸ਼ੀ ਚਿਤਲਾਂਗੇ ਨੇ ਤਾਮਿਲਨਾਡੂ ਦੀ ਪ੍ਰਿਯੰਕਾ ਵੀ ਨੂੰ ਹਰਾਉਂਦੇ ਹੋਏ 9 ਅੰਕ ਬਣਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਅਕਾਂਕਸ਼ਾ ਹਾਰ ਕੇ ਵੀ ਦੂਸਰੇ ਸਥਾਨ 'ਤੇ ਆਉਣ 'ਚ ਸਫਲ ਰਹੀ।
 


Related News