ਅਦਿਤੀ ਤੀਜੇ ਅਤੇ ਦੀਕਸ਼ਾ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਰਹੀ
Tuesday, Jul 07, 2026 - 10:37 AM (IST)
ਹੁਲੇਨਕੋਰਟ (ਬੈਲਜੀਅਮ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੁਲੇਨਕੋਰਟ ਮਹਿਲਾ ਓਪਨ ’ਚ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਦੀਕਸ਼ਾ ਡਾਗਰ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਰਹੀ।
ਅਦਿਤੀ ਨੇ ਐਤਵਾਰ ਨੂੰ ਆਖਰੀ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ। ਉਸ ਦਾ ਕੁੱਲ ਸਕੋਰ 9 ਅੰਡਰ 279 ਰਿਹਾ। ਉਹ ਸਪੇਨ ਦੀ ਜੇਤੂ ਕੈਰੋਲੀਨਾ ਲੋਪੇਜ਼ ਚਾਕਾਰਾ ਤੋਂ 3 ਸ਼ਾਟਾਂ ਪਿੱਛੇ ਰਹੀ। ਚਾਕਾਰਾ ਨੇ ਆਖਰੀ ਦੌਰ ’ਚ ਚਾਰ ਅੰਡਰ 68 ਦਾ ਕਾਰਡ ਖੇਡਦੇ ਹੋਏ ਕੁੱਲ 12 ਅੰਡਰ 276 ਦੇ ਸਕੋਰ ਨਾਲ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਦੀ ਕੇਲਸੀ ਬੇਨੇਟ (ਇਕ ਓਵਰ 73) ਕੁੱਲ 9 ਅੰਡਰ ਦੇ ਸਕੋਰ ਨਾਲ ਉਪ ਜੇਤੂ ਰਹੀ।
ਅਦਿਤੀ ਅਤੇ ਦੀਕਸ਼ਾ ਨੇ ਆਖਰੀ ਦੌਰ ਦੀ ਸ਼ੁਰੂਆਤ ਸਾਂਝੇ ਤੌਰ ’ਤੇ ਤੀਜੇ ਸਥਾਨ ਤੋਂ ਕੀਤੀ ਸੀ। ਉਦੋਂ ਦੋਵਾਂ ਦਾ ਸਕੋਰ ਪੰਜ ਅੰਡਰ ਸੀ ਅਤੇ ਉਹ ਬੇਨੇਟ ਤੋਂ ਪੰਜ ਸ਼ਾਟਾਂ ਪਿੱਛੇ ਸਨ। ਦੀਕਸ਼ਾ ਆਖਰੀ ਦੌਰ ’ਚ ਸੰਘਰਸ਼ ਕਰਦੀ ਨਜ਼ਰ ਆਈ ਅਤੇ ਤਿੰਨ ਓਵਰ 75 ਦਾ ਕਾਰਡ ਖੇਡ ਕੇ ਕੁੱਲ ਦੋ ਅੰਡਰ 286 ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਖਿਸਕ ਗਈ।
ਪ੍ਰਣਵੀ ਉਰਸ ਨੇ ਦਿਨ ਦੇ ਸਰਵੋਤਮ ਪ੍ਰਦਰਸ਼ਨਾਂ ’ਚੋਂ ਇਕ ਕਰਦੇ ਹੋਏ ਛੇ ਅੰਡਰ 66 ਦਾ ਬਿਹਤਰੀਨ ਕਾਰਡ ਖੇਡਿਆ। ਉਹ ਪਾਰ 288 ਦੇ ਸਕੋਰ ਨਾਲ ਸਾਂਝੇ ਤੌਰ ’ਤੇ 18ਵੇਂ ਸਥਾਨ ’ਤੇ ਰਹੀ। ਨੌਜਵਾਨ ਗੋਲਫਰ ਅਵਨੀ ਪ੍ਰਸ਼ਾਂਤ (ਇਕ ਅੰਡਰ 71) ਛੇ ਓਵਰ 294 ਦੇ ਸਕੋਰ ਨਾਲ ਸਾਂਝੇ ਤੌਰ ’ਤੇ 42ਵੇਂ ਸਥਾਨ ’ਤੇ ਰਹੀ।
