ਜਯੋਤੀ ਚਮਕੀ, ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ’ਚ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿੱਤਿਆ
Sunday, Jul 13, 2025 - 12:57 PM (IST)

ਮੈਡ੍ਰਿਡ- ਭਾਰਤੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਚੌਥੇ ਪੜਾਅ ’ਚ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿੱਤ ਕੇ ਪੋਡੀਅਮ ’ਤੇ ਆਪਣੀ ਹੈਟ੍ਰਿਕ ਪੂਰੀ ਕੀਤੀ। ਤਮਗਾ ਜਿੱਤਣ ਦੇ ਬਾਵਜੂਦ ਇਸ ਪ੍ਰਦਰਸ਼ਨ ਨੇ ਭਾਰਤੀ ਤੀਰਅੰਦਾਜ਼ਾਂ ਦੇ ਮੁਸ਼ਕਲ ਹਾਲਾਤ ’ਚ ਦਬਾਅ ’ਚ ਸੰਘਰਸ਼ ਨੂੰ ਉਜਾਗਰ ਕਰ ਦਿੱਤਾ।
ਕੁਆਲੀਫਿਕੇਸ਼ਨ ਦੌਰ ’ਚ ਕੁਲ 2116 ਅੰਕਾਂ ਦੇ ਨਾਲ ਟਾਪ ਸਥਾਨ ਹਾਸਲ ਕਰਨ ਵਾਲੀ ਜਯੋਤੀ, ਪ੍ਰਨੀਤ ਕੌਰ ਅਤੇ ਡੈਬਿਊ ਕਰ ਰਹੀ 16 ਸਾਲਾ ਪ੍ਰਥਿਕਾ ਪ੍ਰਦੀਪ ਦੀ ਤਿੱਕੜੀ ਸੋਨ ਤਮਗੇ ਵੱਲ ਵੱਧਦੀ ਦਿਸ ਰਹੀ ਸੀ ਅਤੇ ਤੀਜੇ ਦੌਰ ਤੋਂ ਬਾਅਦ 170-169 ਦੀ ਬੜ੍ਹਤ ਬਣਾਈ ਸੀ ਪਰ ਇਹ ਤਿੱਕੜੀ ਫੈਸਲਾਕੁੰਨ ਪਲ ’ਚ ਆਏ ਦਬਾਅ ’ਚ ਲੜਖੜਾ ਗਈ ਅਤੇ ਚੀਨੀ ਤਾਈਪੇ ਤੋਂ 225-227 ਨਾਲ ਹਾਰ ਕੇ ਸੋਨ ਤਮਗੇ ਤੋਂ ਰਹਿ ਗਈ। ਇਸ ਹਾਰ ਨੇ ਇਕ ਵਾਰ ਫਿਰ ਟੀਮ ਦੀਆਂ ਮਾਨਸਿਕ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਅਤੇ 2022 ਏਸ਼ੀਆਈ ਖੇਡਾਂ ਤੋਂ ਬਾਅਦ ਕੰਪਾਊਂਡ ਕੋਚ ਸਰਜੀਯੋ ਪਾਗਨੀ ਦੇ ਜਾਣ ਤੋਂ ਬਾਅਦ ਤੋਂ ਪੈਦਾ ਹੋਏ ਖਾਲੀਪਣ ਨੂੰ ਵੀ ਉਜਾਗਰ ਕਰ ਦਿੱਤਾ। ਚੀਨੀ ਤਾਈਪੇ ਦੀ ਹੁਆਂਗ ਆਈ-ਜ਼ੂ, ਚੇਨ ਯੀ-ਹਸੁਆਨ ਅਤੇ ਚਿਉ ਯੂ-ਏਰਹ ਦੀ ਤਿੱਕੜੀ ਨੇ ਧੀਰਜ ਬਣਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ।
ਬਾਅਦ ’ਚ ਮਿਸ਼ਰਿਤ ਟੀਮ ਮੁਕਾਬਲੇ ’ਚ ਜਯੋਤੀ ਅਤੇ ਰਿਸ਼ਭ ਯਾਦਵ ਦੀ ਟਾਪ ਦਰਜਾ ਪ੍ਰਾਪਤ ਭਾਰਤੀ ਜੋਡ਼ੀ ਨੇ 10ਵਾਂ ਦਰਜਾ ਪ੍ਰਾਪਤ ਐਲ ਸਾਲਵਾਡੋਰ ਦੀ ਪਾਓਲਾ ਕੋਰਾਡੋ ਅਤੇ ਡਗਲਸ ਵਲਾਦਿਮੀਰ ਨੋਲਾਸਕੋ ਦੀ ਜੋਡ਼ੀ ਨੂੰ 156-153 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਭਾਰਤੀ ਮਿਸ਼ਰਿਤ ਜੋਡ਼ੀ ਨੇ ਪਹਿਲੇ ਦਿਨ ਕੁਲ 1431 ਅੰਕਾਂ ਨਾਲ ਕੁਆਲੀਫਾਇੰਗ ਵਿਸ਼ਵ ਰਿਕਾਰਡ ਤੋੜਿਆ ਸੀ। ਜਯੋਤੀ ਨੂੰ ਨਿੱਜੀ ਕੰਪਾਊਂਡ ਫਾਈਨਲ ’ਚ ਸੋਨ ਤਮਗਾ ਜਿੱਤਣ ਦਾ ਇਕ ਹੋਰ ਮੌਕਾ ਮਿਲਿਆ ਪਰ ਉਹ ਬ੍ਰਿਟੇਨ ਦੀ ਐਲਾ ਗਿਬਸਨ ਤੋਂ 147-148 ਨਾਲ ਹਾਰ ਗਈ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ’ਚ ਕੋਰੀਆ ਦੀ ਹਾਨ ਸੇਉਂਗਯੋਨ ਨੂੰ 144-143 ਨਾਲ ਹਰਾਇਆ ਸੀ। ਪ੍ਰਨੀਤ ਵੀ ਕਾਂਸੀ ਤਮਗੇ ਦੇ ਪਲੇਅਆਫ ’ਚ ਹਾਨ ਤੋਂ 143-146 ਨਾਲ ਹਾਰ ਕੇ ਤਮਗੇ ਤੋਂ ਰਹਿ ਗਈ। ਭਾਰਤੀ ਮਿਸ਼ਰਿਤ ਜੋਡ਼ੀ ਸ਼ੁੱਕਰਵਾਰ ਨੂੰ ਸੈਮੀਫਾਈਨਲ ’ਚ ਉਮੀਦਾਂ ’ਤੇ ਖਰੀ ਨਹੀਂ ਉਤਰੀ ਸੀ ਅਤੇ 12ਵਾਂ ਦਰਜਾ ਪ੍ਰਾਪਤ ਨੀਦਰਲੈਂਡ ਤੋਂ 152-155 ਨਾਲ ਹਾਰ ਗਈ ਸੀ।