ਜੂਨੀਅਰ ਵਿਸ਼ਵ ਕੱਪ : ਜੋਨਾਥਨ ਨੇ ਸੋਨ ਤਮਗਾ ਜਦਕਿ ਰਸ਼ਮਿਕਾ ਨੇ ਚਾਂਦੀ ਦਾ ਤਮਗਾ ਜਿੱਤਿਆ
Saturday, Sep 27, 2025 - 10:37 AM (IST)

ਨਵੀਂ ਦਿੱਲੀ- ਭਾਰਤ ਦੇ 16 ਸਾਲਾ ਨਿਸ਼ਾਨੇਬਾਜ਼ ਜੋਨਾਥਨ ਗਾਵਿਨ ਐਂਟਨੀ ਨੇ ਅੱਜ ਇਥੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ਦੇ ਦੂਸਰੇ ਦਿਨ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦਾ ਖਿਤਾਬ ਜਿੱਤ ਕੇ ਸੁਰਖੀਆਂ ਬਟੋਰੀਆਂ। ਕੁਆਲੀਫੀਕੇਸ਼ਨ ’ਚ ਟਾਪ ’ਤੇ ਰਹੇ ਜੋਨਾਥਨ ਨੇ ਫਾਈਨਲ ’ਚ ਵੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ 24 ਵਿਚੋਂ 21 ਸ਼ਾਟ ’ਚ ਅੰਕ ਬਣਾ ਕੇ 8.5 ਅੰਕ ਦੇ ਅੰਤਰ ਨਾਲ ਸੋਨ ਤਮਗਾ ਜਿੱਤਿਆ।
ਇਟਲੀ ਦੇ ਲੁਕਾ ਅਰਿਧੀ ਨੇ 236.3 ਨਾਲ ਚਾਂਦਾ ਦਾ ਤਮਗਾ ਅਤੇ ਸਪੇਨ ਦੇ ਲੁਕਾਸ ਸਾਂਚੇਜ ਟੋਮ ਨੇ 215.1 ਅੰਕ ਨਾਲ ਕਾਂਸੀ ਦਾ ਤਮਗਾ ਜਿੱਤਿਆ। ਜੂਨੀਅਰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ’ਚ ਵਿਅਕਤੀਗਤ ਐਥਲੀਟ ਏਵੇਲਿਨਾ ਸ਼ੀਏਨਾ ਨੇ 240.9 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਭਾਰਤ ਦੀ ਰਸ਼ਮਿਕਾ ਸਹਿਗਲ 236.1 ਅੰਕ ਨਾਲ ਚਾਂਦੀ ਦਾ ਤਮਗਾ ਜਿੱਤਣ ’ਚ ਸਫਲ ਰਹੀ। ਇਰਾਨ ਦੀ ਫਤੇਮਾ ਸ਼ੇਕਰੀ ਨੇ 213.8 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਫਾਈਨਲ ’ਚ ਪਹੁੰਚੇ ਹੋਰ ਭਾਰਤੀਆਂ ’ਚ ਵੰਸ਼ਿਕਾ ਚੌਧਰੀ 174.2 ਅੰਕਾਂ ਨਾਲ 5ਵੇਂ ਸਥਾਨ ’ਤੇ ਰਹੀ ਮੋਹਿਨੀ ਸਿੰਘ 153.2 ਅੰਕਾਂ ਨਾਲ 6ਵੇਂ ਸਥਾਨ ’ਤੇ ਰਹੀ।