ਨਿਸ਼ਾਦ ਅਤੇ ਸਿਮਰਨ ਨੇ ਸੋਨ ਤਗ਼ਮੇ ਜਿੱਤੇ
Saturday, Oct 04, 2025 - 10:58 AM (IST)

ਸਪੋਰਟਸ ਡੈਸਕ- ਇੱਥੇ ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਅੱਜ ਨਿਸ਼ਾਦ ਕੁਮਾਰ ਨੇ ਹਾਈ ਜੰਪ ਅਤੇ ਸਿਮਰਨ ਸ਼ਰਮਾ ਨੇ 100 ਮੀਟਰ ਦੌੜ ਵਿੱਚ ਆਪੋ-ਆਪਣੇ ਪਹਿਲੇ ਸੋਨ ਤਗ਼ਮੇ ਜਿੱਤੇ। ਇਸੇ ਤਰ੍ਹਾਂ ਪ੍ਰੀਤੀ ਪਾਲ (200 ਮੀਟਰ) ਅਤੇ ਪ੍ਰਦੀਪ ਕੁਮਾਰ (ਡਿਸਕਸ ਥਰੋਅ) ਨੇ ਵੀ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ। ਅੱਜ ਭਾਰਤ ਕੁੱਲ ਚਾਰ ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਹੁਣ ਤੱਕ 6 ਸੋਨੇ, 5 ਚਾਂਦੀ ਅਤੇ 4 ਕਾਂਸੇ ਦੇ ਤਗ਼ਮੇ ਜਿੱਤ ਚੁੱਕਾ ਹੈ। ਮੁਕਾਬਲੇ ਵਿੱਚ ਹਾਲੇ ਦੋ ਦਿਨ ਬਾਕੀ ਹਨ ਅਤੇ ਭਾਰਤ ਆਪਣੇ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ (ਕੋਬੇ 2024 ਵਿੱਚ 17 ਤਗ਼ਮੇ) ਤੋਂ ਅੱਗੇ ਨਿਕਲ ਸਕਦਾ ਹੈ।
ਦਿੱਲੀ ਦੀ ਸਿਮਰਨ ਸ਼ਰਮਾ ਨੇ ਦਿਨ ਦਾ ਪਹਿਲਾ ਸੋਨ ਤਗ਼ਮਾ ਭਾਰਤ ਦੀ ਝੋਲੀ ਪਾਇਆ। ਉਸ ਨੇ ਮਹਿਲਾ 100 ਮੀਟਰ ਟੀ12 ਫਾਈਨਲ ਵਿੱਚ 11.95 ਸੈਕਿੰਡ ਦੇ ਆਪਣੇ ਕਰੀਅਰ ਦੇ ਸਰਵੋਤਮ ਸਮੇਂ ਨਾਲ ਇਸ ਈਵੈਂਟ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਨਿਸ਼ਾਦ ਲਈ ਇਹ ਦੁੱਗਣੀ ਖੁਸ਼ੀ ਦਾ ਮੌਕਾ ਸੀ, ਕਿਉਂਕਿ ਉਸ ਨੇ ਆਪਣੇ 26ਵੇਂ ਜਨਮਦਿਨ ’ਤੇ ਪੁਰਸ਼ਾਂ ਦੇ ਹਾਈ ਜੰਪ ਟੀ47 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 2.14 ਮੀਟਰ ਦੀ ਛਾਲ ਮਾਰ ਕੇ ਏਸ਼ੀਆਈ ਰਿਕਾਰਡ ਵੀ ਕਾਇਮ ਕੀਤਾ। ਇਹ ਪੈਰਾਲੰਪਿਕ ਜਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸ ਦਾ ਪਹਿਲਾ ਸੋਨ ਤਗ਼ਮਾ ਹੈ।