ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਪੈਰਾ ਐਥਲੈਟਿਕਸ ’ਚ ਭਾਰਤ ਦੇ ਪ੍ਰਦਰਸ਼ਨ ਨੂੰ ਇਤਿਹਾਸਕ ਦੱਸਿਆ

Monday, Oct 06, 2025 - 11:50 PM (IST)

ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਪੈਰਾ ਐਥਲੈਟਿਕਸ ’ਚ ਭਾਰਤ ਦੇ ਪ੍ਰਦਰਸ਼ਨ ਨੂੰ ਇਤਿਹਾਸਕ ਦੱਸਿਆ

ਨਵੀਂ ਦਿੱਲੀ (ਭਾਸ਼ਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਪ੍ਰਦਰਸ਼ਨ ਨੂੰ ਇਤਿਹਾਸਕ ਦੱਸਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਸ ਪ੍ਰਤੀਯੋਗਿਤਾ ਵਿਚ ਦੇਸ਼ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਨੌਜਵਾਨਾਂ ਲਈ ਪ੍ਰੇਰਣਾ ਬਣੇਗਾ। ਭਾਰਤ ਨੇ 6 ਸੋਨ, 9 ਚਾਂਦੀ ਤੇ 7 ਕਾਂਸੀ ਸਮੇਤ ਰਿਕਾਰਡ 22 ਤਮਗੇ ਜਿੱਤੇ, ਜਿਹੜਾ ਜਾਪਾਨ ਦੇ ਕੋਬੇ ਵਿਚ 2024 ਵਿਚ ਜਿੱਤੇ 17 ਤਮਗਿਆਂ ਦੇ ਉਸਦੇ ਪਿਛਲੇ ਪ੍ਰਦਰਸ਼ਨ ਤੋਂ ਬਿਹਤਰ ਹੈ।

ਪ੍ਰਧਾਨ ਮੰਤਰੀ ਨੇ ਸਾਰੇ ਤਮਗਾ ਜੇਤੂਆਂ ਦੀ ਇਕ ਤਸਵੀਰ ਪੋਸਟ ਕਰਦੇ ਹੋਏ ‘ਐਕਸ’ ਉੱਪਰ ਲਿਖਿਆ, ‘‘ਸਾਡੇ ਪੈਰਾ ਐਥਲੀਟਾਂ ਦਾ ਇਤਿਹਾਸਕ ਪ੍ਰਦਰਸ਼ਨ! ਇਸ ਸਾਲ ਦੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਬਹੁਤ ਖਾਸ ਰਹੀ। ਭਾਰਤੀ ਦਲ ਨੇ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ਵਿਚ 6 ਸੋਨ ਤਮਗਿਆਂ ਸਮੇਤ 22 ਤਮਗੇ ਜਿੱਤੇ। ਸਾਡੇ ਐਥਲੀਟਾਂ ਨੂੰ ਵਧਾਈ।’’

ਮੋਦੀ ਨੇ ਕਿਹਾ, ‘‘ਉਨ੍ਹਾਂ ਦੀ ਸਫਲਤਾ ਕਈ ਲੋਕਾਂ ਨੂੰ ਉਤਸ਼ਾਹਿਤ ਕਰੇਗੀ। ਮੈਨੂੰ ਸਾਡੇ ਦਲ ਦੇ ਹਰੇਕ ਮੈਂਬਰ ’ਤੇ ਮਾਣ ਹੈ ਤੇ ਮੈਂ ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।’’ਇਹ ਪਹਿਲੀ ਵਾਰ ਸੀ ਜਦੋਂ ਭਾਰਤ ਨੇ ਇਸ ਵੱਕਾਰੀ ਪੈਰਾ ਐਥਲੈਟਿਕਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕੀਤੀ, ਜਿਸ ਵਿਚ 100 ਤੋਂ ਵੱਧ ਦੇਸ਼ਾਂ ਦੇ 2200 ਤੋਂ ਵੱਧ ਮੁਕਾਬਲੇਬਾਜ਼ਾਂ ਨੇ 186 ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ।ਮੋਦੀ ਨੇ ਕਿਹਾ, ‘‘ਦਿੱਲੀ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਵੀ ਭਾਰਤ ਲਈ ਸਨਮਾਨ ਦੀ ਗੱਲ ਹੈ। ਇਸ ਟੂਰਨਾਮੈਂਟ ਦਾ ਹਿੱਸਾ ਰਹੇ ਲੱਗਭਗ 100 ਦੇਸ਼ਾਂ ਦੇ ਐਥਲੀਟਾਂ ਤੇ ਸਹਿਯੋਗੀ ਸਟਾਫ ਦਾ ਧੰਨਵਾਦ।’’


author

Hardeep Kumar

Content Editor

Related News