ਨੰਨ੍ਹੇ ਪ੍ਰਗਿਆਨੰਦਾ ਨੇ ਮਹਿਲਾ ਵਿਸ਼ਵ ਚੈਂਪੀਅਨ ਨੂੰ ਹਰਾਇਆ
Tuesday, Mar 12, 2019 - 02:18 AM (IST)

ਪ੍ਰਾਗ (ਚੈੱਕ ਗਣਰਾਜ) (ਨਿਕਲੇਸ਼ ਜੈਨ)— ਪ੍ਰਾਗ ਚੈਲੰਜਰ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ 13 ਸਾਲਾ ਨੰਨ੍ਹੇ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਸਭ ਤੋਂ ਅੱਗੇ ਚੱਲ ਰਹੀ ਮੌਜੂਦਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਹਰਾਉਂਦਿਆਂ ਪ੍ਰਤੀਯੋਗਿਤਾ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ। ਪਿਛਲੇ ਸਾਲ ਹੀ ਦੁਨੀਆ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਗ੍ਰੈਂਡ ਮਾਸਟਰ ਬਣੇ ਪ੍ਰਗਿਆਨੰਦਾ ਨੇ ਇਸ ਸਾਲ ਆਪਣੇ ਆਪ ਨੂੰ ਲਗਾਤਾਰ ਬਿਹਤਰ ਕੀਤਾ ਹੈ ਤੇ ਇਹ ਪਹਿਲੀ ਵਾਰ ਹੈ, ਜਦੋਂ ਉਸ ਨੇ ਬੇਹੱਦ ਸ਼ਾਨਦਾਰ ਅੰਦਾਜ਼ ਵਿਚ ਕਿਸੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਹੈ।
ਪੇਟ੍ਰੋਫ ਡਿਫੈਂਸ 'ਚ ਸਫੈਦ ਮੋਹਰਿਆਂ ਨਾਲ ਖੇਡ ਰਹੇ ਪ੍ਰਗਿਆਨੰਦਾ ਨੇ ਸ਼ੁਰੂਆਤ ਤੋਂ ਹਮਲਾਵਰ ਰੁਖ਼ ਅਖਤਿਆਰ ਕਰਦੇ ਹੋਏ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਖੇਡ ਦੀ 14ਵੀਂ ਚਾਲ ਵਿਚ ਆਪਣੇ ਮੋਹਰਿਆਂ ਦੀ ਸਰਗਰਮੀ ਵਧਾਉਣ ਦੇ ਟੀਚੇ ਨਾਲ ਜੂ ਨੇ ਇਕ ਪਿਆਦਾ ਕੁਰਬਾਨ ਕੀਤਾ ਤੇ ਇਹੀ ਉਸ ਦੀ ਵੱਡੀ ਭੁੱਲ ਸਾਬਤ ਹੋਈ। ਪ੍ਰਗਿਆਨੰਦਾ ਨੇ ਇਸ ਤੋਂ ਬਾਅਦ ਬਿਨਾਂ ਕੋਈ ਗਲਤੀ ਕੀਤੇ ਅੰਤ ਸਮੇਂ ਤਕ ਖੇਡ 'ਚ ਲਗਾਤਾਰ ਸਹੀ ਚਾਲਾਂ ਚੱਲ ਕੇ 57 ਚਾਲਾਂ 'ਚ ਜਿੱਤ ਦਰਜ ਕਰ ਦਿੱਤੀ। ਇਸ ਜਿੱਤ ਨਾਲ ਹੁਣ ਉਹ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਆ ਗਿਆ ਹੈ।
ਮਾਸਟਰਸ ਵਰਗ 'ਚ ਡਰਾਅ ਰਹੇ ਸਾਰੇ ਮੈਚ
ਮਾਸਟਰਸ ਵਰਗ 'ਚ ਭਾਰਤ ਦੇ ਦੋਵੇਂ ਸਿਤਾਰੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਹੰਗਰੀ ਦੇ ਰਿਚਰਡ ਰਾਪੋਰਟ ਨਾਲ ਤੇ ਵਿਦਿਤ ਗੁਜਰਾਤੀ ਨੇ ਮੇਜ਼ਬਾਨ ਚੈੱਕ ਗਣਰਾਜ ਦੇ ਵਿਕਟਰ ਲਜਨਿਕਾ ਨਾਲ ਡਰਾਅ ਖੇਡਿਆ ਤੇ ਦੋਵੇਂ ਖਿਡਾਰੀ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।