ਹਾਕੀ ਜੂਨੀਅਰ : ਭਾਰਤ ਨੇ ਸਪੇਨ ਨੂੰ 6-2 ਨਾਲ ਹਰਾਇਆ
Saturday, Aug 19, 2023 - 12:03 PM (IST)
ਡਸੇਲਡੋਰਫ (ਜਰਮਨੀ), (ਭਾਸ਼ਾ)– ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੇਨ ਵਿਰੁੱਧ 6-2 ਦੀ ਰੋਮਾਂਚਕ ਜਿੱਤ ਨਾਲ ਚਾਰ ਦੇਸ਼ਾਂ ਦੇ ਟੂਰਨਾਮੈਂਟ ’ਚ ਆਪਣੀ ਮੁਹਿੰਮ ਸ਼ੁਰੂ ਕੀਤੀ। ਰੋਹਿਤ ਨੇ 28ਵੇਂ ਤੇ 45ਵੇਂ ਮਿੰਟ ’ਚ ਅਤੇ ਸੁਦੀਪ ਚਿਰਮਾਕੋ ਨੇ 35ਵੇਂ ਤੇ 58ਵੇਂ ਮਿੰਟ ’ਚ ਦੋ-ਦੋ ਗੋਲ ਕੀਤੇ ਜਦਕਿ ਅਮਨਦੀਪ ਲਾਕੜਾ ਨੇ 25ਵੇਂ ਮਿੰਟ ਤੇ ਬੌਬੀ ਸਿੰਘ ਧਾਮੀ ਨੇ 53ਵੇਂ ਮਿੰਟ ਭਾਰਤ ਲਈ ਇਕ-ਇਕ ਗੋਲ ਕੀਤਾ।
ਸਪੇਨ ਵਲੋਂ ਨਿਕੋਲਸ ਅਲਵਾਰੇਜ ਨੇ ਪਹਿਲੇ ਤੇ ਗੂਈਯੂ ਕੋਰੋਮਿਨਾਸ ਨੇ 23ਵੇਂ ਮਿੰਟ ’ਚ ਇਕ-ਇਕ ਗੋਲ ਕੀਤਾ। ਸਪੇਨ ਨੇ ਮਜ਼ਬੂਤ ਸ਼ੁਰੂਆਤ ਕੀਤੀ, ਜਿਸ ’ਚ ਅਲਵਾਰੇਜ ਨੇ ਪਹਿਲੇ ਹੀ ਮਿੰਟ ’ਚ ਗੋਲ ਕਰਕੇ ਭਾਰਤ ਨੂੰ ਦਬਾਅ ’ਚ ਲਿਆ ਦਿੱਤਾ। ਭਾਰਤੀ ਖਿਡਾਰੀਆਂ ਨੇ ਮਿਲ ਕੇ ਕਾਫੀ ਕੋਸ਼ਿਸ਼ ਕੀਤੀ ਪਰ ਸਪੇਨ ਦੇ ਡਿਫੈਂਸ ਨੇ ਉਸ ਨੂੰ ਪਹਿਲੇ ਕੁਆਰਟਰ ’ਚ ਸਫਲਤਾ ਨਹੀਂ ਲੈਣ ਦਿੱਤੀ।
ਇਹ ਵੀ ਪੜ੍ਹੋ : IND vs IRE: ਭਾਰਤ ਨੇ DLS ਮੈਥਡ ਨਾਲ ਜਿੱਤਿਆ ਪਹਿਲਾ T20 ਮੁਕਾਬਲਾ
ਦੂਜੇ ਕੁਆਰਟਰ ’ਚ ਭਾਰਤ ਨੇ ਬਰਾਬਰੀ ਦਾ ਗੋਲ ਕਰਨ ਦਾ ਸ਼ਾਨਦਾਰ ਜਜ਼ਬਾ ਦਿਖਾਇਆ ਪਰ ਸਪੇਨ ਨੇ ਕੋਰੋਮਿਨਾਸ ਦੇ ਮੈਦਾਨੀ ਗੋਲ ਦੀ ਬਦੌਲਤ ਬੜ੍ਹਤ ਦੁੱਗਣੀ ਕਰ ਦਿੱਤੀ। ਦੋ ਮਿੰਟ ਬਾਅਦ ਲਾਕੜਾ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਤੇ ਫਿਰ ਰੋਹਿਤ ਨੇ 28ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਪਹਿਲੇ ਹਾਫ ਤਕ 2-2 ਦੀ ਬਰਾਬਰੀ ’ਤੇ ਲਿਆ ਦਿੱਤਾ। ਤੀਜੇ ਕੁਆਰਟਰ ’ਚ ਦੋਵੇਂ ਟੀਮਾਂ ਬੜ੍ਹਤ ਬਣਾਉਣ ਲਈ ਯਤਨਸ਼ੀਲ ਰਹੀਆਂ।
35ਵੇਂ ਮਿੰਟ ’ਚ ਚਿਰਮਾਕੋ ਨੇ ਮੈਦਾਨੀ ਗੋਲ ਨਾਲ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਰੋਹਿਤ ਨੇ ਫਿਰ ਕੁਆਰਟਰ ਦੇ ਅੰਤ ’ਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਭਾਰਤ ਨੂੰ 4-2 ਨਾਲ ਅੱਗੇ ਕਰ ਦਿੱਤਾ। ਦੋ ਗੋਲਾਂ ਨਾਲ ਪਿਛੜਨ ਤੋਂ ਬਾਅਦ ਸਪੇਨ ਨੇ ਹਮਲਾਵਰ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੋਲਕੀਪਰ ਨੇ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ। ਧਾਮੀ ਨੇ 53ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦੀ ਬੜ੍ਹਤ ਮਜ਼ਬੂਤ ਕਰ ਦਿੱਤੀ। ਆਖਰੀ ਸੀਟੀ ਵੱਜਣ ਤੋਂ ਦੋ ਮਿੰਟ ਪਹਿਲਾਂ ਚਿਰਮਾਕੋ ਨੇ ਗੋਲ ਕੀਤਾ ਤੇ ਭਾਰਤ ਨੇ ਆਸਾਨ ਜਿੱਤ ਦਰਜ ਕੀਤੀ। ਭਾਰਤ ਹੁਣ ਸ਼ਨੀਵਾਰ ਨੂੰ ਮੇਜ਼ਬਾਨ ਜਰਮਨੀ ਨਾਲ ਭਿੜੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।