ਜ਼ੋਫ਼ਰਾ ਆਰਚਰ ਦੇ ਹੱਥ ਦੀ ਹੋਈ ਸਰਜਰੀ, ਉਂਗਲ ਤੋਂ ਨਿਕਲਿਆ ਕੱਚ ਦਾ ਟੁਕੜਾ
Wednesday, Mar 31, 2021 - 03:45 PM (IST)
ਸਪੋਰਟਸ ਡੈਸਕ— ਭਾਰਤ ਖ਼ਿਲਾਫ਼ ਸੀਰੀਜ਼ ਦੇ ਦੌਰਾਨ ਕੂਹਣੀ ਤੋਂ ਇਲਾਵਾ ਉਂਗਲ ਦੀ ਸੱਟ ਕਾਰਨ ਜੋਫ਼ਰਾ ਆਰਚਰ ਕਾਫ਼ੀ ਪਰੇਸ਼ਾਨ ਰਹੇ। ਮੱਛੀਆਂ ਦਾ ਟੈਂਕ (ਫ਼ਿਸ਼ ਟੈਂਕ) ਸਾਫ਼ ਕਰਦੇ ਹੋਏ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਫ਼ਿਸ਼ ਟੈਂਕ ਦਾ ਟੁੱਟਾ ਕੱਚ ਉਸ ਦੇ ਹੱਥ ’ਚ ਲਗ ਗਿਆ ਜਿਸ ਨਾਲ ਉਸ ਦੇ ਸੱਟ ਲਗ ਗਈ। ਜਦੋਂ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੇ ਸੱਜੇ ਹੱਥ ਦੀ ਵਿਚਲੀ ਉਂਗਲ ਦੀ ਸਰਜਰੀ ਕੀਤੀ ਗਈ ਤਾਂ ਉਸ ’ਚੋਂ ਇਕ ਛੋਟਾ ਜਿਹਾ ਕੱਚ ਦਾ ਟੁਕੜਾ ਮਿਲਿਆ।
ਇਹ ਵੀ ਪੜ੍ਹੋ : ਬੁਮਰਾਹ ਇਕਾਂਤਵਾਸ ਦੇ ਦੌਰਾਨ ਆਪਣੀ ਫਿੱਟਨੈਸ ਲਈ ਕਰ ਰਹੇ ਹਨ ਜਿੰਮ ’ਚ ਕਸਰਤ
ਇੰਗਲੈਂਡ ਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਈਲਸ ਨੇ ਆਰਚਰ ’ਤੇ ਅਪਡੇਟ ਦਿੱਤੀ। ਕੂਹਣੀ ਦੀ ਸਮੱਸਿਆ ਕਾਰਨ ਉਹ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ ਹਨ। ਐਸ਼ਲੇ ਜਾਈਲਸ ਨੇ ਕਿਹਾ ਕਿ ਉਨ੍ਹਾਂ ਨੇ (ਸਰਜਰੀ) ਆਪਰੇਸ਼ਨ ਕੀਤਾ ਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਛੋਟਾ ਜਿਹਾ ਕੱਚ ਦਾ ਟੁਕੜਾ ਮਿਲਿਆ। ਇਹ ਠੀਕ ਹੋ ਗਿਆ ਸੀ, ਪਰ ‘ਫ਼ਿਸ਼ ਟੈਂਕ’ ਦਾ ਇਹ ਹਿੱਸਾ ਅਜੇ ਵੀ ਉਸ ਦੀ ਉਂਗਲ ’ਚ ਸੀ। ਇਹ ਕਿਸੇ ਡਰਾਉਣ ਵਾਲੀ ਸਾਜ਼ਿਸ਼ ਦੀ ਤਰ੍ਹਾਂ ਲੱਗੇਗਾ ਪਰ ਇਹ ਸੱਚ ਹੈ। ਇਹ ਉਂਗਲ ਠੀਕ ਹੋ ਗਈ ਤੇ ਆਰਚਰ ਦੌਰੇ ਦੀ ਟੈਸਟ ਤੇ ਟੀ-20 ਕੌਮਾਂਤਰੀ ਸੀਰੀਜ਼ ’ਚ ਖੇਡੇ ਪਰ ਇੰਗਲੈਂਡ ਪ੍ਰਬੰਧਨ ਨੇ ਇਸ ਜ਼ਖ਼ਮ (ਜੋ ਹੁਣ ਭਰ ਚੁੱਕਾ ਸੀ) ਦੀ ਠੀਕ ਨਾਲ ਜਾਂਚ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਕ੍ਰਿਕਟਰ ਤੋਂ ਨੇਤਾ ਬਣੇ ਅਸ਼ੋਕ ਡਿੰਡਾ ’ਤੇ ਲੋਕਾਂ ਨੇ ਕੀਤਾ ਹਮਲਾ, ਮੋਢਾ ਹੋਇਆ ਜ਼ਖ਼ਮੀ
ਉਹ ਕੂਹਣੀ ਦੀ ਸੱਟ ਦੇ ਇਲਾਜ ਲਈ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਤੋਂ ਪਹਿਲਾਂ ਆਪਣੇ ਵਤਨ ਚਲਾ ਗਿਆ ਸੀ ਤੇ ਉਸ ਦੀ ਉਂਗਲ ਥੋੜ੍ਹੀ ਸਖ਼ਤ ਸੀ ਤਾਂ ਉਹ ਮਾਹਰ ਡਾਕਟਰ ਕੋਲ ਗਿਆ। ਜਾਈਲਸ ਨੇ ਕੂਹਣੀ ਦੀ ਸੱਟ ਬਾਰੇ ਕਿਹਾ ਕਿ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਦੇ ਦੌਰਾਨ ਹਾਲਾਤ ਵਿਗੜ ਗਏ ਤੇ ਉਹ ਦਰਦ ਰੋਕੂ ਦਵਾਈਆਂ ਦੇ ਬਿਨਾ ਖੇਡ ਨਹੀਂ ਸਕਦਾ ਸੀ। ਮੈਨੂੰ ਪੂਰਾ ਯਕੀਨ ਹੈ ਕਿ ਉਹ ਛੇਤੀ ਹੀ ਵਾਪਸੀ ਕਰੇਗਾ। ਆਰਚਰ ਨੂੰ ਪਿਛਲੇ ਸਾਲ ਦੱਖਣੀ ਅਫ਼ਰੀਕਾ ਦੇ ਦੌਰਾਨ ਦੇ ਦੌਰਾਨ ਕੂਹਣੀ ’ਚ ਫ੍ਰੈਕਟਰ ਹੋ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।