ਮੋਰਗਨ ਦੀ ਪਾਰੀ ਨਾਲ ਆਤਮਵਿਸ਼ਵਾਸ ਕਾਫੀ ਵਧਿਆ : ਰੂਟ
Thursday, Jun 20, 2019 - 02:58 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋ ਰੂਟ ਨੇ ਕਿਹਾ ਕਿ ਆਈ.ਸੀ.ਸੀ. ਵਰਲਡ ਕੱਪ 'ਚ ਮੰਗਲਵਾਰ ਨੂੰ ਅਫਗਾਨਿਸਤਾਨ ਖਿਲਾਫ ਕਪਤਾਨ ਇਓਨ ਮੋਰਗਨ ਦੀ ਰਿਕਾਰਡ ਤੋੜ ਬੱਲੇਬਾਜ਼ੀ ਨਾਲ ਮੇਜ਼ਬਾਨ ਟੀਮ ਦਾ ਹੌਸਲਾ ਕਾਫੀ ਵਧਿਆ ਹੈ। ਮੋਰਗਨ ਨੇ ਇਸ ਮੈਚ 'ਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 71 ਗੇਂਦਾਂ 'ਚ ਰਿਕਾਰਡ 17 ਛੱਕਿਆਂ ਅਤੇ ਚਾਰ ਚੌਕਿਆਂ ਦੀ ਬਦੌਲਤ 148 ਦੌੜਾਂ ਬਣਾਈਆਂ। ਮੋਰਗਨ ਵਨ-ਡੇ ਕ੍ਰਿਕਟ 'ਚ ਪਹਿਲੇ ਬੱਲੇਬਾਜ਼ ਹਨ ਜਿਨ੍ਹਾਂ ਨੇ ਛੱਕਿਆਂ 'ਚ ਹੀ 100 ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਨਾਲ ਇੰਗਲੈਂਡ ਨੇ 6 ਵਿਕਟ 'ਤੇ 397 ਦੌੜਾਂ ਦਾ ਵੱਡਾ ਟੀਚਾ ਹਾਸਲ ਕੀਤਾ ਜੋ ਵਰਲਡ ਕੱਪ 'ਚ ਟੀਮ ਦਾ ਸਰਵਉੱਚ ਸਕੋਰ ਹੈ।
ਟੀਮ ਨੇ ਇਸ ਤੋਂ ਬਾਅਦ ਅਫਗਾਨਿਸਤਾਨ ਨੂੰ ਅੱਠ ਵਿਕਟਾਂ 'ਤੇ 247 ਦੌੜਾਂ 'ਤੇ ਰੋਕ ਕੇ 150 ਦੌੜਾਂ ਨਾਲ ਮੈਚ ਆਪਣੇ ਨਾਂ ਕੀਤਾ। ਟੈਸਟ ਟੀਮ ਦੀ ਕਪਤਾਨੀ ਕਰਨ ਵਾਲੇ ਰੂਟ ਨੇ ਕਿਹਾ ਕਿ ਵਨ-ਡੇ ਕ੍ਰਿਕਟ 'ਚ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਨਾਲ ਇੰਗਲੈਂਡ ਦੀ ਕਿਸਮਤ ਚਮਕਾਉਣ ਵਾਲੇ ਮੋਰਗਨ ਦਾ ਰਿਕਾਰਡ ਬਣਾਉਣਾ ਕਾਫੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ''ਇਹ ਕੋਈ ਛੋਟਾ ਮੈਦਾਨ ਨਹੀਂ ਸੀ। ਇਹ ਟੀਮ ਲਈ ਚੰਗਾ ਸੰਕੇਤ ਹੈ ਕਿ ਕਪਤਾਨ ਅਜਿਹੀ ਫਾਰਮ 'ਚ ਹੈ ਅਤੇ ਸ਼ਾਨਦਾਰ ਖੇਡ ਰਿਹਾ ਹੈ। ਮੈਨੂੰ ਲੱਗਾ ਕਿ ਉਸ ਦੀ ਖੇਡ 'ਚ ਕੋਈ ਕਮੀ ਨਹੀਂ ਸੀ। ਉਸ ਨਾਲ ਟੀਮ ਦਾ ਆਤਮਵਿਸ਼ਵਾਸ ਕਾਫੀ ਵਧਿਆ ਹੈ।'' ਰੂਟ ਟੂਰਨਾਮੈਂਟ 'ਚ ਖੁਦ ਵੀ ਸ਼ਾਨਦਾਰ ਫਾਰਮ 'ਚ ਚਲ ਰਹੇ ਹਨ ਅਤੇ ਉਨ੍ਹਾਂ ਨੇ 91.75 ਦੀ ਔਸਤ ਨਾਲ ਹੁਣ ਤਕ 367 ਦੌੜਾਂ ਬਣਾਈਆਂ ਹਨ।