JNU ਹਿੰਸਾ : ਪ੍ਰਦਰਸ਼ਨ ਕਰਨ ਵਾਲਿਆਂ ਦਾ ਸਮਰਥਨ ਕਰਨ 'ਤੇ ਮਾਂਜਰੇਕਰ 'ਤੇ ਯੋਗੇਸ਼ਵਰ ਦਾ ਪਲਟਵਾਰ

01/07/2020 5:52:24 PM

ਸਪੋਰਟਸ ਡੈਸਕ— ਜੇ. ਐੱਨ. ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਕੰਪਲੈਕਸ 'ਚ ਐਤਵਾਰ ਨੂੰ ਹਿੰਸਾ ਭੜਕ ਗਈ। ਉਸ ਦੌਰਾਨ ਸੋਟੀਆਂ ਨਾਲ ਲੈਸ ਕੁਝ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕਰਨ ਦੇ ਨਾਲ ਕੰਪਲੈਕਸ 'ਚ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਪੁਲਸ ਨੂੰ ਬੁਲਾਉਣਾ ਪਿਆ ਸੀ। ਇਸ ਹਿੰਸਾ ਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ ਹੈ। ਸਾਬਕਾ ਭਾਰਤੀ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਵੀ ਹੁਣ ਇਸ ਹਿੰਸਾ ਦੇ ਖਿਲਾਫ ਉਤਰ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ 'ਚ ਇਕ ਰੀ-ਟਵੀਟ ਕੀਤਾ, ਜਿਸ ਦੇ ਕੈਪਸ਼ਨ 'ਚ ਲਿਖਿਆ- ਵੈੱਲ ਡਨ ਮੁੰਬਈ! ਮਾਂਜਰੇਕਰ ਨੇ ਜਿਸ ਟਵੀਟ ਨੂੰ ਸ਼ੇਅਰ ਕੀਤਾ ਹੈ, ਉਸ 'ਚ ਕਈ ਤਸਵੀਰਾਂ ਹਨ, ਜਿਸ 'ਚ ਮੁੰਬਈ ਦੇ ਲੋਕ ਇਸ ਹਿੰਸਾ ਖਿਲਾਫ ਪ੍ਰਦਰਸ਼ਨ ਕਰਦੇ ਦਿਸ ਰਹੇ ਹਨ।

ਮਾਂਜਰੇਕਰ ਦੇ ਇਸ ਟਵੀਟ ਦੇ ਜਵਾਬ 'ਚ ਯੋਗੇਸ਼ਵਰ ਦੱਤ ਨੇ ਉਨ੍ਹਾਂ ਨੂੰ ਟੈਗ ਕਰਦੇ ਹੋਏ ਇਕ ਟਵੀਟ ਕੀਤਾ ਹੈ, ਜਿਸ 'ਚ ਇਕ ਲੜਕੀ ਫ੍ਰੀ ਕਸ਼ਮੀਰ ਦਾ ਪੋਸਟਰ ਲਏ ਖੜ੍ਹੀ ਦਿਸ ਰਹੀ ਹੈ। ਯੋਗੇਸ਼ਵਰ ਦੱਤ ਨੇ ਇਸ ਤਸਵੀਰ ਦੇ ਨਾਲ ਲਿਖਿਆ- ਇਹ ਵੀ ਇਸ ਮੁੰਬਈ ਪ੍ਰਦਰਸ਼ਨ ਦੀ ਸੱਚਾਈ ਹੈ। @sanjaymanjrekar ਅਜਿਹੇ ਲੋਕਾਂ ਬਾਰੇ ਕੀ ਕਹਿਣਾ ਹੈ ਤੁਹਾਡਾ।''

ਜ਼ਿਕਰਯੋਗ ਹੈ ਕਿ ਤਸਵੀਰ 'ਚ ਦਿਸ ਰਹੀ ਵਿਦਿਆਰਥਣ ਨੇ ਖ਼ੁਦ ਵੀਡੀਓ ਜਾਰੀ ਕਰਕੇ ਇਸ ਮਾਮਲੇ 'ਚ ਸਫਾਈ ਦਿੱਤੀ। ਇਸ ਵਿਦਿਆਰਥਣ ਨੇ ਕਿਹਾ, ''ਮੈਂ ਕਸ਼ਮੀਰੀ ਨਹੀਂ ਹਾਂ। ਮੈਂ ਮਹਾਰਾਸ਼ਟ੍ਰੀਅਨ ਹਾਂ। ਮੈਂ ਇਸ ਪੋਸਟਰ ਨੂੰ ਇਸ ਲਈ ਚੁੱਕਿਆ ਕਿ ਅਸੀਂ ਸੰਵਿਧਾਨਕ ਹੱਕ ਦੀ ਵੀ ਲੜਾਈ ਲੜ ਰਹੇ ਹਾਂ। ਜੇਕਰ ਅਸੀਂ ਕਹਿੰਦੇ ਹਾਂ ਕਿ ਉਹ (ਕਸ਼ਮੀਰੀ) ਆਪਣੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਆਪਣੇ ਵਾਂਗ ਵਿਵਹਾਰ ਵੀ ਕਰਨਾ ਚਾਹੀਦਾ ਹੈ। ਉੱਥੇ 5 ਮਹੀਨਿਆਂ ਤੋਂ ਇੰਟਰਨੈਟ ਬੰਦ ਹੈ। ਕੀ ਉਨ੍ਹਾਂ ਨੂੰ ਇਸ ਦਾ ਹੱਕ ਨਹੀਂ ਹੈ। ਸਿਰਫ ਇਸੇ ਮਕਸਦ ਨਾਲ ਮੈਂ ਇਸ ਨੂੰ ਚੁੱਕਿਆ ਸੀ ਕਿ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ।

 

 


Tarsem Singh

Content Editor

Related News