ਸੇਨੇਗਲ ਨੂੰ ਹੈਰਾਨ ਕਰਨ ਉਤਰੇਗਾ ਏਸ਼ੀਆ ਦਾ ਪਾਵਰ ਹਾਊਸ ਜਾਪਾਨ

6/24/2018 4:05:03 AM

ਯੇਕਾਤੇਰਿਨਬਰਗ- ਰੂਸ ਫੀਫਾ ਵਿਸ਼ਵ ਕੱਪ ਵਿਚ ਅੰਡਰ ਡਾਗ ਦੇ ਤੌਰ 'ਤੇ ਉਤਰੀ ਜਾਪਾਨ ਓਪਨਿੰਗ ਮੈਚ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਏਸ਼ੀਆ ਦੀ ਪਾਵਰ ਹਾਊਸ ਮੰਨੀ ਜਾ ਰਹੀ ਹੈ ਤੇ ਗਰੁੱਪ-ਐੱਚ ਤੋਂ ਨਾਕਆਊਟ ਦਾ ਰਸਤਾ ਤੈਅ ਕਰਨ ਲਈ ਐਤਵਾਰ ਨੂੰ ਹੁਣ ਸੇਨੇਗਲ ਨੂੰ ਹੈਰਾਨ ਕਰਨ ਉਤਰੇਗੀ।
'ਬਲਿਊ ਸਮੁਰਾਈ' ਅਕੀਰਾ ਨਿਸ਼ੀਨੋ ਦੀ ਕੋਚਿੰਗ ਵਿਚ ਬਹੁਤ ਹੀ ਉੱਚ ਪੱਧਰੀ ਪ੍ਰਦਰਸ਼ਨ ਕਰ ਰਹੀ ਹੈ। ਵਿਸ਼ਵ ਕੱਪ ਵਿਚ ਆਪਣੇ ਤਜਰਬੇਕਾਰ ਖਿਡਾਰੀਆਂ ਨਾਲ ਉਤਰੀ ਜਾਪਾਨ ਟੀਮ ਨੂੰ ਸ਼ੁਰੂਆਤ ਵਿਚ ਗਰੁੱਪ-ਐੱਚ ਵਿਚ ਅੰਡਰ ਡਾਗ ਮੰਨਿਆ ਜਾ ਰਿਹਾ ਸੀ ਪਰ ਓਪਨਿੰਗ ਮੈਚ ਵਿਚ ਉਸ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਤੇ ਹੁਣ ਉਹ ਗਰੁੱਪ ਵਿਚ ਚੋਟੀ 'ਤੇ ਹੈ। ਹਾਲਾਂਕਿ ਨਾਕਆਊਟ ਲਈ ਉਸ ਦੇ ਸਾਹਮਣੇ ਸੇਨੇਗਲ ਦੀ ਚੁਣੌਤੀ ਹੈ, ਜਿਸ ਨੇ ਗਰੁੱਪ ਦੇ ਇਕ ਹੋਰ ਮੈਚ ਵਿਚ ਪੋਲੈਂਡ ਨੂੰ 2-1 ਨਾਲ ਹਰਾਇਆ ਸੀ ਤੇ ਉਹ ਵੀ ਦੂਜੇ ਸਥਾਨ 'ਤੇ ਹੈ।
ਕੋਲੰਬੀਆ 'ਤੇ ਜਿੱਤ ਤੋਂ ਬਾਅਦ ਜਾਪਾਨੀ ਟੀਮ ਏਸ਼ੀਆ ਦੀ ਪਹਿਲੀ ਟੀਮ ਬਣ ਗਈ ਹੈ, ਜਿਸ ਨੇ ਵਿਸ਼ਵ ਕੱਪ ਵਿਚ ਕਿਸੇ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ ਹੈ। ਹਾਲਾਂਕਿ ਸੇਨੇਗਲ ਨੇ ਵੀ ਜੇਤੂ ਸ਼ੁਰੂਆਤ ਕੀਤੀ ਹੈ, ਜਿਸ ਦਾ ਟੀਚਾ ਵੀ ਨਾਕਆਊਟ ਦਾ ਰਸਤਾ ਤੈਅ ਕਰਨਾ ਹੈ।
ਸੇਨੇਗਲ ਦੀ ਟੀਮ ਦੇ ਆਖਰੀ-11 ਵਿਚ 10 ਖਿਡਾਰੀ ਅਜਿਹੇ ਹਨ, ਜਿਹੜੇ ਯੂਰਪ ਦੀਆਂ ਲੀਗਾਂ ਵਿਚ ਖੇਡਦੇ ਹਨ, ਜਿਸ ਵਿਚ ਲੀਵਰਪੂਲ ਦੇ ਫਾਰਵਰਡ ਸਾਦਿਓ ਮਾਨੇ ਤੇ ਨੇਪੋਲੀ ਦੇ ਡਿਫੈਂਡਰ ਕਾਲਿਡੂ ਕੋਲੀਬਾਲੀ ਪ੍ਰਮੁੱਖ ਹਨ। ਸੇਨੇਗਲ ਦੀ ਟੀਮ 16 ਸਾਲ ਵਿਚ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿਚ ਪਹੁੰਚੀ ਹੈ ਤੇ ਟੂਰਨਾਮੈਂਟ ਵਿਚ ਇਕਲੌਤੀ ਅਫਰੀਕੀ ਟੀਮ ਹੈ, ਜਿਸ ਨੇ ਆਪਣਾ ਮੈਚ ਜਿੱਤਿਆ ਹੈ ਜਦਕਿ ਮਿਸਰ ਤੇ ਮੋਰਾਕੋ ਬਾਹਰ ਹੋ ਚੁੱਕੀਆਂ ਹਨ ਤੇ ਨਾਈਜੀਰੀਆ ਤੇ ਟਿਊਨੇਸ਼ੀਆ ਨੇ ਵੀ ਓਪਨਿੰਗ ਮੈਚ ਹਾਰੇ ਹਨ।