ਪਿੱਠ ਦੀ ਸਰਜਰੀ ਕਾਰਨ IPL ਨਹੀਂ ਖੇਡ ਸਕਣਗੇ ਕਾਈਲ ਜੇਮਿਸਨ
Tuesday, Feb 21, 2023 - 01:13 PM (IST)
ਕ੍ਰਾਈਸਟਚਰਚ (ਵਾਰਤਾ)- ਸਟ੍ਰੈਸ ਫ੍ਰੈਕਚਰ ਕਾਰਨ ਇੰਗਲੈਂਡ ਟੈਸਟ ਸੀਰੀਜ਼ ਤੋਂ ਬਾਹਰ ਹੋਏ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੇਮਿਸਨ ਪਿੱਠ ਦੀ ਸਰਜਰੀ ਕਰਾਉਣਗੇ, ਜਿਸ ਕਾਰਨ ਉਹ 4 ਮਹੀਨਿਆਂ ਤੱਕ ਖੇਡ ਤੋਂ ਦੂਰ ਰਹਿਣਗੇ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸਟੀਡ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਈਲ ਨੇ ਪਿੱਠ ਦੇ ਇੱਕ ਸਰਜਨ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਇਸ ਹਫ਼ਤੇ ਸਰਜਰੀ ਕਰਾਉਣਗੇ। ਇਹ ਉਨ੍ਹਾਂ ਲਈ ਇੱਕ ਚੁਣੌਤੀਪੂਰਨ ਅਤੇ ਔਖਾ ਸਮਾਂ ਰਿਹਾ ਹੈ, ਨਾਲ ਹੀ ਸਾਡੇ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ। ਉਹ ਸਾਡੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਆਏ ਹਨ।
ਜੇਮਿਸਨ ਇਸ ਸੱਟ ਕਾਰਨ 31 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਹਿੱਸਾ ਨਹੀਂ ਲੈ ਸਕਣਗੇ। ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ ਤੋਂ ਪਹਿਲਾਂ ਹੋਈ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ ਜੇਮਿਸਨ ਨੂੰ ਇੱਕ ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਇਸ ਤੋਂ ਇਲਾਵਾ ਉਹ ਮਾਰਚ-ਅਪ੍ਰੈਲ ਵਿੱਚ ਸ੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੀ ਘਰੇਲੂ ਟੈਸਟ ਸੀਰੀਜ਼ ਅਤੇ ਅਪ੍ਰੈਲ-ਮਈ ਵਿੱਚ ਹੋਣ ਵਾਲੇ ਪਾਕਿਸਤਾਨ ਦੌਰੇ 'ਤੇ ਵੀ ਕੀਵੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ।
ਜ਼ਿਕਰਯੋਗ ਹੈ ਕਿ ਜੇਮਿਸਨ ਨੂੰ ਇੰਗਲੈਂਡ ਖ਼ਿਲਾਫ਼ ਹੋਣ ਵਾਲੇ 2 ਟੈਸਟ ਮੈਚਾਂ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ, ਹਾਲਾਂਕਿ ਪਿੱਠ 'ਚ ਸਟ੍ਰੈਸ ਫਰੈਕਚਰ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਜੇਮਿਸਨ ਨੂੰ ਪਹਿਲੀ ਵਾਰ ਪਿਛਲੇ ਸਾਲ ਇੰਗਲੈਂਡ ਦੌਰੇ 'ਤੇ ਪਿੱਠ 'ਤੇ ਸੱਟ ਲੱਗੀ ਸੀ। ਉਨ੍ਹਾਂ ਨੇ ਇਸ ਤੋਂ ਠੀਕ ਹੋ ਕੇ ਘਰੇਲੂ ਕ੍ਰਿਕਟ ਵਿੱਚ ਵਾਪਸੀ ਵੀ ਕੀਤੀ, ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਤੋਂ ਪਹਿਲਾਂ ਉਨ੍ਹਾਂ ਦੀ ਪਿੱਠ ਦੇ ਸਕੈਨ ਵਿੱਚ ਸੱਟ ਜ਼ਾਹਰ ਹੋਈ। ਬੇਨ ਸਟੋਕਸ ਅਤੇ ਬ੍ਰੈਂਡਨ ਮੈਕੁਲਮ ਦੀ ਇੰਗਲੈਂਡ ਟੀਮ ਨੇ ਪਹਿਲੇ ਟੈਸਟ ਮੈਚ 'ਚ ਮੇਜ਼ਬਾਨ ਨਿਊਜ਼ੀਲੈਂਡ ਨੂੰ 267 ਦੌੜਾਂ ਨਾਲ ਹਰਾਇਆ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਸ਼ੁੱਕਰਵਾਰ ਤੋਂ ਵੈਲਿੰਗਟਨ 'ਚ ਖੇਡਿਆ ਜਾਵੇਗਾ।