ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
Monday, May 31, 2021 - 07:59 PM (IST)
ਨਵੀਂ ਦਿੱਲੀ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਗਰਮੀਆਂ ਦੇ ਇਸ ਕ੍ਰਿਕਟ ਸੈਸ਼ਨ 'ਚ ਕੁਝ ਨਵੇਂ ਰਿਕਾਰਡ ਕਾਇਮ ਕਰ ਸਕਦੇ ਹਨ, ਜਿਸ 'ਚ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਇਕ ਵੱਡਾ ਰਿਕਾਰਡ ਵੀ ਸ਼ਾਮਲ ਹੈ। ਐਂਡਰਸਨ 10 ਜੁਲਾਈ ਨੂੰ 39 ਸਾਲਾ ਦੇ ਹੋ ਜਾਣਗੇ ਪਰ ਉਹ ਹੁਣ ਵੀ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੈ। ਉਸਦੇ ਨਾਂ 'ਤੇ 160 ਟੈਸਟ ਮੈਚਾਂ 'ਚ 614 ਵਿਕਟਾਂ ਦਰਜ ਹਨ ਜੋ ਕਿ ਤੇਜ਼ ਗੇਂਦਬਾਜ਼ਾਂ 'ਚ ਸਰਵਸ੍ਰੇਸ਼ਠ ਹੈ। ਇੰਗਲੈਂਡ ਨੂੰ ਇਸ ਸੈਸ਼ਨ 'ਚ 7 ਟੈਸਟ ਮੈਚ ਖੇਡਣੇ ਹਨ ਅਤੇ ਇਸ ਦੌਰਾਨ ਐਂਡਰਸਨ ਗੇਂਦਬਾਜ਼ੀ ਤੋਂ ਇਲਾਵਾ ਕੁਝ ਹੋਰ ਨਿਜੀ ਰਿਕਾਰਡ ਵੀ ਆਪਣੇ ਨਾਂ ਕਰ ਸਕਦੇ ਹਨ।
ਇਨ੍ਹਾਂ 'ਚ ਸਵਦੇਸ਼ 'ਚ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦਾ ਤੇਂਦੁਲਕਰ ਦਾ ਰਿਕਾਰਡ ਵੀ ਸ਼ਾਮਲ ਹੈ। ਸਚਿਨ ਨੇ 200 ਟੈਸਟ ਮੈਚ ਖੇਡੇ ਹਨ, ਜਿਸ 'ਚ 94 ਮੈਚ ਉਨ੍ਹਾਂ ਨੇ ਭਾਰਤ 'ਚ ਖੇਡੇ ਹਨ। ਇਹ ਵਿਸ਼ਵ ਰਿਕਾਰਡ ਹੈ। ਇੰਗਲੈਂਡ ਜੇਕਰ ਰੋਟੇਸ਼ਨ ਦੀ ਨੀਤੀ 'ਤੇ ਅਮਲ ਨਹੀਂ ਕਰਦਾ ਹੈ ਅਤੇ ਐਂਡਰਸਨ ਸਾਰੇ 7 ਮੈਚਾਂ ਵਿਚ ਖੇਡਦਾ ਹੈ ਤਾਂ ਫਿਰ ਸਚਿਨ ਦਾ ਇਹ ਰਿਕਾਰਡ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੇ ਨਾਂ 'ਤੇ ਦਰਜ ਹੋ ਜਾਵੇਗਾ। ਐਂਡਰਸਨ ਪਹਿਲਾਂ ਹੀ ਆਪਣਾ ਇਰਾਦਾ ਜ਼ਾਹਰ ਕਰ ਚੁੱਕੇ ਹਨ ਕਿ ਉਹ ਨਿਊਜ਼ੀਲੈਂਡ ਵਿਰੁੱਧ ਦੋਵਾਂ ਮੈਚਾਂ ਤੋਂ ਇਲਾਵਾ ਭਾਰਤ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਸਾਰੇ ਮੈਚਾਂ 'ਚ ਖੇਡਣਾ ਚਾਹੁੰਦੇ ਹਨ।
ਉਨ੍ਹਾਂ ਨੇ ਹੁਣ ਤੱਕ 89 ਟੈਸਟ ਮੈਚ ਖੇਡੇ ਹਨ ਅਤੇ ਇਨ੍ਹਾਂ 7 ਮੈਚਾਂ 'ਚ ਖੇਡਣ 'ਤੇ ਇਹ ਗਿਣਤੀ 96 'ਤੇ ਪਹੁੰਚ ਜਾਵੇਗੀ ਅਤੇ ਇਸ ਤਰ੍ਹਾਂ ਨਾਲ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ। ਸਵਦੇਸ਼ 'ਚ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ 'ਚ ਹੁਣ ਤੱਕ ਤੇਂਦੁਲਕਰ ਤੋਂ ਬਾਅਦ ਆਸਟਰੇਲੀਆ ਦੇ ਰਿਕੀ ਪੋਂਟਿੰਗ (92), ਐਂਡਰਸਨ, ਇੰਗਲੈਂਡ ਦੇ ਐਲਿਸਟਰ ਕੁਕ ਅਤੇ ਆਸਟਰੇਲੀਆ ਦੇ ਸਟੀਵ ਵਾਅ (89 ਮੈਚ) ਦਾ ਨੰਬਰ ਆਉਂਦਾ ਹੈ। ਐਂਡਰਸਨ ਇੰਗਲੈਂਡ ਵਲੋਂ ਇਹ ਰਿਕਾਰਡ ਆਸਾਨੀ ਨਾਲ ਬਣਾ ਦੇਣਗੇ। ਉਹ ਇਸ ਦੌਰਾਨ ਕੁਕ ਦੇ ਦੋ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ।
ਇਨ੍ਹਾਂ 'ਚ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦਾ ਕੁਕ (161 ਮੈਚ) ਦਾ ਰਿਕਾਰਡ ਵੀ ਸ਼ਾਮਲ ਹੈ। ਉਹ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ ਦੀ ਸੂਚੀ 'ਚ ਸ਼ਿਵਨਰਾਇਨ ਚੰਦਰਪਾਲ (164), ਰਾਹੁਲ ਦ੍ਰਵਿੜ (164) ਅਤੇ ਜੈਕ ਕੈਲਿਸ (166) ਨੂੰ ਵੀ ਪਿੱਛੇ ਛੱਡ ਸਕਦੇ ਹਨ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਐਂਡਰਸਨ ਸਵਦੇਸ਼ 'ਚ 400 ਟੈਸਟ ਵਿਕਟ ਹਾਸਲ ਕਰਨ ਵਾਲੇ ਦੁਨੀਆਂ ਦੇ ਦੂਜੇ ਗੇਂਦਬਾਜ਼ ਬਣ ਸਕਦੇ ਹਨ, ਜਿਸ ਤੋਂ ਉਹ 16 ਵਿਕਟਾਂ ਦੂਰ ਹਨ। ਉਨ੍ਹਾਂ ਨੇ ਹੁਣ ਤੱਕ 89 ਟੈਸਟ ਮੈਚਾਂ 'ਚ 384 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।