ਰਵਿੰਦਰ ਜਡੇਜਾ ਲੈ ਰਿਹਾ ਸੀ ਕਪਤਾਨੀ ਦਾ ਦਬਾਅ : MS ਧੋਨੀ
Monday, May 02, 2022 - 03:41 PM (IST)
ਮੁੰਬਈ (ਏਜੰਸੀ)- ਚੇਨਈ ਸੁਪਰ ਕਿੰਗਜ਼ ਦੀ ਕਮਾਨ ਸੰਭਾਲਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਮੰਨਣਾ ਹੈ ਕਿ ਸਾਬਕਾ ਕਪਤਾਨ ਰਵਿੰਦਰ ਜਡੇਜਾ 'ਤੇ ਕਪਤਾਨੀ ਦਾ ਦਬਾਅ ਪੈ ਰਿਹਾ ਸੀ, ਜਿਸ ਦਾ ਅਸਰ ਉਸ ਦੇ ਪ੍ਰਦਰਸ਼ਨ 'ਤੇ ਵੀ ਪੈ ਰਿਹਾ ਸੀ। ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਉਣ ਤੋਂ ਬਾਅਦ ਪ੍ਰਸਾਰਕ ਨਾਲ ਗੱਲ ਕਰਦੇ ਹੋਏ ਧੋਨੀ ਨੇ ਕਿਹਾ ਕਿ ਇਸ ਸੀਜ਼ਨ 'ਚ ਜਡੇਜਾ ਨੂੰ ਕਪਤਾਨੀ ਸੌਂਪਣ ਦੀ ਪਹਿਲਾਂ ਹੀ ਯੋਜਨਾ ਸੀ। ਹਾਲਾਂਕਿ ਜਡੇਜਾ ਨੇ ਜਦੋਂ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਦੇ ਫੈਸਲੇ ਦਾ ਪੂਰਾ ਸਨਮਾਨ ਕੀਤਾ। ਧੋਨੀ ਨੇ ਕਿਹਾ, 'ਜਡੇਜਾ ਨੂੰ ਪਿਛਲੇ ਸੀਜ਼ਨ ਤੋਂ ਹੀ ਪਤਾ ਸੀ ਕਿ ਉਹ ਇਸ ਸਾਲ ਕਪਤਾਨੀ ਕਰਨ ਜਾ ਰਿਹਾ ਹੈ। ਪਹਿਲੇ ਦੋ ਮੈਚਾਂ ਵਿੱਚ ਮੈਂ ਉਸਦਾ ਸਹਾਇਕ ਸੀ ਅਤੇ ਫਿਰ ਮੈਂ ਉਸਨੂੰ ਕਿਹਾ ਕਿ ਉਹ ਆਪਣੇ ਫੈਸਲੇ ਖੁਦ ਕਰੇ। ਜਦੋਂ ਤੁਸੀਂ ਕਪਤਾਨ ਬਣਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ 'ਤੇ ਅਸਰ ਕਰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਕਪਤਾਨੀ ਨੇ ਉਸ ਦੀ ਤਿਆਰੀ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ।'
ਉਸ ਨੇ ਅੱਗੇ ਕਿਹਾ, 'ਖਿਡਾਰੀ ਤੋਂ ਕਪਤਾਨ ਬਣਨਾ ਇੱਕ ਹੌਲੀ ਪ੍ਰਕਿਰਿਆ ਹੁੰਦੀ ਹੈ। ਤੁਹਾਨੂੰ ਮੈਚ ਦੇ ਅਹਿਮ ਪਲਾਂ 'ਤੇ ਆਪਣੀ ਜ਼ਿੰਮੇਵਾਰੀ ਲੈਂਦੇ ਹੋਏ ਕੁਝ ਅਹਿਮ ਫੈਸਲੇ ਲੈਣੇ ਹੁੰਦੇ ਹਨ। ਜਦੋਂ ਤੁਸੀਂ ਕਪਤਾਨ ਬਣਦੇ ਹੋ ਤਾਂ ਤੁਹਾਨੂੰ ਆਪਣੀ ਖੇਡ ਤੋਂ ਇਲਾਵਾ ਕਈ ਚੀਜ਼ਾਂ 'ਤੇ ਧਿਆਨ ਦੇਣਾ ਹੁੰਦਾ ਹੈ।' ਧੋਨੀ ਨੂੰ ਉਮੀਦ ਹੈ ਕਿ ਹੁਣ ਜਡੇਜਾ ਦੀ ਫਾਰਮ ਫਿਰ ਤੋਂ ਵਾਪਸ ਆ ਸਕੇਗੀ। ਉਸ ਨੇ ਕਿਹਾ, 'ਜਡੇਜਾ ਇੰਨਾ ਦਬਾਅ ਲੈ ਰਿਹਾ ਸੀ ਕਿ ਉਹ ਕੈਚ ਗੁਆਉਣ ਲੱਗਾ ਸੀ। ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਖਿਡਾਰੀ ਵੀ ਫੀਲਡਿੰਗ ਵਿੱਚ ਗਲਤੀਆਂ ਕਰ ਰਹੇ ਸਨ। ਅਸੀਂ ਇਸ ਸੀਜ਼ਨ 'ਚ ਹੁਣ ਤੱਕ 17-18 ਕੈਚ ਛੱਡੇ ਹਨ। ਪਰ ਹੁਣ ਸਾਨੂੰ ਉਮੀਦ ਹੈ ਕਿ ਅਸੀਂ ਵਾਪਸੀ ਕਰਾਂਗੇ।'