ਜਡੇਜਾ ਨੇ ਮਾਂਜਰੇਕਰ ''ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ- ਤੁਹਾਡੀ ਕਾਫੀ ਬਕਵਾਸ ਸੁਣ ਲਈ
Thursday, Jul 04, 2019 - 01:16 AM (IST)

ਬਰਮਿੰਘਮ— ਭਾਰਤੀ ਆਲ ਰਾਊਂਡਰ ਰਵਿੰਦਰ ਜਡੇਜਾ ਨੇ ਬੁੱਧਵਾਰ ਨੂੰ ਖਿਡਾਰੀ ਤੋਂ ਕਮੈਂਟੇਟਰ ਬਣੇ ਸੰਜੇ ਮਾਂਜਰੇਕਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਕਿਹਾ ਕਿ ਇਸ ਸਾਬਕਾ ਬੱਲੇਬਾਜ਼ ਦੀ ਬਕਵਾਸ ਕਾਫੀ ਸੁਣ ਲਈ। ਵਿਸ਼ਵ ਕੱਪ ਵਿਚ ਇੰਗਲੈਂਡ ਖਿਲਾਫ ਭਾਰਤ ਦੀ ਹਾਰ ਤੋਂ ਬਾਅਦ ਮਾਂਜਰੇਕਰ ਕੁੱਝ ਖਿਡਾਰੀਆਂ ਦੀ ਕਾਫੀ ਆਲੋਚਨਾ ਕਰ ਰਿਹਾ ਸੀ। ਇਸ ਵਿਚ ਤਜਰਬੇਕਾਰ ਮਹਿੰਦਰ ਸਿੰਘ ਧੋਨੀ ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਸ਼ਾਮਲ ਹੈ।
ਮੁੰਬਈ ਦੇ ਇਸ ਸਾਬਕਾ ਕ੍ਰਿਕਟਰ ਨੇ ਹਾਲ ਹੀ ਵਿਚ ਜਡੇਜਾ ਨੂੰ ਵੀ 'ਟੁਕੜੇ ਵਿਚ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ' ਕਿਹਾ ਸੀ। ਇਸ ਟਿੱਪਣੀ ਤੋਂ ਨਾਰਾਜ਼ ਜਡੇਜਾ ਨੇ ਟਵਿਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਜਡੇਜਾ ਨੇ ਲਿਖਿਆ ਇਸ ਦੇ ਬਾਵਜੂਦ ਮੈਂ ਆਪਣੀ ਤੁਲਨਾ 'ਚ ਦੁੱਗਣੇ ਮੈਚ ਖੇਡੇ ਤੇ ਮੈਂ ਹੁਣ ਵੀ ਖੇਡ ਰਿਹਾ ਹਾਂ। ਜਿਨ੍ਹਾਂ ਨੇ ਉਪਲੱਬਧੀ ਹਾਸਲ ਕੀਤੀ ਹੈ ਉਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਨਾ ਸਿੱਖੋ। ਮੈਂ ਤੁਹਾਡੀ ਬਹੁਤ ਬਕਵਾਸ ਸੁਣ ਲਈ ਹੈ। ਜਡੇਜਾ ਨੇ 151 ਵਨ ਡੇ ਮੈਚਾਂ 'ਚ 2035 ਦੌੜਾਂ ਬਣਾਈਆਂ ਤੇ 174 ਵਿਕਟਾਂ ਹਾਸਲ ਕੀਤੀਆਂ ਜਦਕਿ ਮਾਂਜਰੇਕਰ ਨੇ 74 ਮੈਚਾਂ 'ਚ 1994 ਦੌੜਾਂ ਬਣਾਈਆਂ।