''ਇਹ ਅਸਲ ''ਚ ਥੋੜ੍ਹਾ ਅਜੀਬ ਹੈ'' ਜੋਸ਼ ਹੇਜ਼ਲਵੁੱਡ ਨੇ ਟੀ-20 ਵਿਸ਼ਵ ਕੱਪ ਦੇ ਫਾਰਮੈਟ ''ਤੇ ਚੁੱਕੇ ਸਵਾਲ

Wednesday, Jun 12, 2024 - 04:48 PM (IST)

''ਇਹ ਅਸਲ ''ਚ ਥੋੜ੍ਹਾ ਅਜੀਬ ਹੈ'' ਜੋਸ਼ ਹੇਜ਼ਲਵੁੱਡ ਨੇ ਟੀ-20 ਵਿਸ਼ਵ ਕੱਪ ਦੇ ਫਾਰਮੈਟ ''ਤੇ ਚੁੱਕੇ ਸਵਾਲ

ਨਾਰਥ ਸਾਊਂਡ : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਟੀ-20 ਵਿਸ਼ਵ ਕੱਪ ਦੇ ਫਾਰਮੈਟ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਅਜੀਬ ਹੈ ਕਿ ਉਨ੍ਹਾਂ ਦੀ ਟੀਮ ਦਾ ਬਿਹਤਰ ਰਨ ਰੇਟ ਸੁਪਰ 8 ਪੜਾਅ 'ਚ ਕੋਈ ਮਾਇਨੇ ਨਹੀਂ ਰੱਖੇਗਾ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਪੰਜ-ਪੰਜ ਟੀਮਾਂ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੁਪਰ 8 ਵਿੱਚ ਥਾਂ ਬਣਾਉਣਗੀਆਂ ਜਿੱਥੇ ਇਨ੍ਹਾਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਇਨ੍ਹਾਂ ਵਿੱਚੋਂ ਹਰੇਕ ਗਰੁੱਪ ਵਿੱਚ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ। ਇਸ ਵਾਰ ਟੀ-20 ਵਿਸ਼ਵ ਕੱਪ ਦਾ ਫਾਰਮੈਟ ਪਿਛਲੀ ਵਾਰ ਨਾਲੋਂ ਵੱਖਰਾ ਹੈ।
ਪਿਛਲੀ ਵਾਰ ਚੋਟੀ ਦੀਆਂ ਟੀਮਾਂ ਨੇ ਸੁਪਰ 12 ਪੜਾਅ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਟੀਮਾਂ ਨੂੰ ਛੇ-ਛੇ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ ਸਨ। ਆਸਟ੍ਰੇਲੀਆ ਨੇ ਮੰਗਲਵਾਰ ਨੂੰ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾ ਕੇ ਆਪਣੀ ਨੈੱਟ ਰਨ ਰੇਟ 3.580 ਤੋਂ ਵੱਧ ਕਰ ਲਈ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਵੀ ਸੁਪਰ 8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਹੇਜ਼ਲਵੁੱਡ ਨੇ ਮੈਚ ਤੋਂ ਬਾਅਦ ਕਿਹਾ, 'ਇਹ ਅਸਲ 'ਚ ਥੋੜ੍ਹਾ ਅਜੀਬ ਹੈ ਕਿਉਂਕਿ ਅਜਿਹਾ ਨਹੀਂ ਹੁੰਦਾ। ਮੈਂ ਜਿੰਨੇ ਵੀ ਵਿਸ਼ਵ ਕੱਪ ਖੇਡੇ ਹਨ, ਉਨ੍ਹਾਂ ਵਿੱਚੋਂ ਸ਼ਾਇਦ ਇਹ ਪਹਿਲਾ ਟੀ-20 ਵਿਸ਼ਵ ਕੱਪ ਹੈ ਜਿਸ ਵਿੱਚ ਫਾਰਮੈਟ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਲਈ ਇਹ ਥੋੜ੍ਹਾ ਵੱਖਰਾ ਹੈ।' ਉਨ੍ਹਾਂ ਨੇ ਕਿਹਾ, 'ਇਹ ਅਜਿਹਾ ਫਾਰਮੈਟ ਹੈ ਕਿ ਭਾਵੇਂ ਤੁਸੀਂ ਪਹਿਲੇ ਪੜਾਅ 'ਚ ਕਿੰਨਾ ਵੀ ਚੰਗਾ ਪ੍ਰਦਰਸ਼ਨ ਕਰਦੇ ਹੋ ਜਾਂ ਜੇਕਰ ਤੁਸੀਂ ਅਜੇਤੂ ਰਹਿੰਦੇ ਹੋ ਅਤੇ ਬਿਹਤਰ ਨੈੱਟ ਰਨ ਰੇਟ ਨਾਲ ਅੱਗੇ ਵਧਦੇ ਹੋ, ਤਾਂ ਸੁਪਰ 8 'ਚ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਇਸ ਲਈ ਇਹ ਥੋੜਾ ਅਜੀਬ ਹੈ ਪਰ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ।


author

Aarti dhillon

Content Editor

Related News