ਅਈਅਰ ਲਈ ਕਪਤਾਨ ਦੇ ਰੂਪ ’ਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਸਮਾਂ ਆ ਗਿਐ : ਸਬਾ ਕਰੀਮ
Saturday, Jul 11, 2026 - 05:07 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਸਬਾ ਕਰੀਮ ਦਾ ਮੰਨਣਾ ਹੈ ਕਿ ਸ਼੍ਰੇਅਸ ਅਈਅਰ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਦਿਖਾਈ ਗਈ ਆਪਣੀ ਰਣਨੀਤਿਕ ਸਮਰੱਥਾ ਨੂੰ ਰਾਸ਼ਟਰੀ ਟੀਮ ਲਈ ਵੀ ਸਾਬਤ ਕਰਨ ਅਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਲੀਡਰਸ਼ਿਪ ਦੀ ਸਪੱਸ਼ਟ ਛਾਪ ਛੱਡਣ ਦਾ ਸਮਾਂ ਆ ਗਿਆ ਹੈ।
ਟੀ-20 ਵਿਸ਼ਵ ਕੱਪ ਜਿੱਤ ਤੋਂ ਬਾਅਦ ਸੂਰਯਕੁਮਾਰ ਯਾਦਵ ਤੋਂ ਕਪਤਾਨੀ ਸੰਭਾਲਣ ਵਾਲੇ ਅਈਅਰ ਦੀ ਅਗਵਾਈ ’ਚ ਭਾਰਤ ਨੂੰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ। ਟੀਮ ਆਇਰਲੈਂਡ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਾਅਦ ਇੰਗਲੈਂਡ ਹੱਥੋਂ ਵੀ ਕਲੀਨ ਸਵੀਪ ਹੋਣ ਦੇ ਕੰਢੇ ’ਤੇ ਹੈ। ਕਰੀਮ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਹੁਣ ਅਈਅਰ ਨੂੰ ਕਪਤਾਨ ਦੇ ਤੌਰ ’ਤੇ ਖੁਦ ਨੂੰ ਸਥਾਪਤ ਕਰਨਾ ਪਵੇਗਾ। ਆਈ. ਪੀ. ਐੱਲ. ’ਚ ਉਸ ਦੀ ਜਿਸ ਰਣਨੀਤਿਕ ਕਪਤਾਨੀ ਦੀ ਝਲਕ ਦੇਖਣ ਨੂੰ ਮਿਲੀ ਸੀ, ਉਹ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ ’ਚ ਨਜ਼ਰ ਨਹੀਂ ਆਈ ਹੈ।’’
ਉਸ ਨੇ ਬੱਲੇਬਾਜ਼ੀ ਕ੍ਰਮ ’ਤੇ ਸਵਾਲ ਚੁੱਕਦੇ ਹੋਏ ਕਿਹਾ, ‘‘ਜਦੋਂ ਅਈਅਰ ਖੁਦ ਮੱਧਕ੍ਰਮ ’ਚ ਬੱਲੇਬਾਜ਼ੀ ਕਰ ਰਿਹਾ ਸੀ, ਉਦੋਂ ਸ਼ਿਵਮ ਦੂਬੇ ਨੂੰ 5ਵੇਂ ਨੰਬਰ ’ਤੇ ਭੇਜਣ ਦਾ ਫੈਸਲਾ ਸਮਝ ਤੋਂ ਬਾਹਰ ਸੀ। ਆਈ. ਪੀ. ਐੱਲ. ’ਚ ਅਸੀਂ ਜਿਸ ਅਈਅਰ ਨੂੰ ਜਾਣਦੇ ਹਾਂ, ਉਹ ਅਜਿਹਾ ਫੈਸਲਾ ਸ਼ਾਇਦ ਨਹੀਂ ਲੈਂਦਾ।’’ ਉਸ ਨੇ ਹਾਲਾਂਕਿ ਅਈਅਰ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਕਿਹਾ,‘‘ਉਸ ਦੀ ਦੌੜਾਂ ਬਣਾਉਣਾ ਟੀਮ ਲਈ ਸਭ ਤੋਂ ਵੱਡਾ ਹਾਂ-ਪੱਖੀ ਪਹਿਲੂ ਹੈ। ਜਦੋਂ ਕਪਤਾਨ ਖੁਦ ਚੰਗੀ ਬੱਲੇਬਾਜ਼ੀ ਕਰਦਾ ਹੈ ਤਾਂ ਉਸਦਾ ਆਤਮਵਿਸ਼ਵਾਸ ਵਧਦਾ ਹੈ ਅਤੇ ਕਪਤਾਨੀ ਵੀ ਬਿਹਤਰ ਹੋ ਜਾਂਦੀ ਹੈ। ਉਮੀਦ ਹੈ ਕਿ ਆਉਣ ਵਾਲੇ ਮੁਕਾਬਲਿਆਂ ’ਚ ਇਹ ਦੇਖਣ ਨੂੰ ਮਿਲੇਗਾ।’’
