ਇਸ਼ਾਂਤ ਨੂੰ ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਨੇ ਕੀਤਾ ਸਨਮਾਨਿਤ, ਖਿਡਾਰੀਆਂ ਨੇ ਦਿੱਤਾ ‘ਗਾਰਡ ਆਫ ਆਨਰ’
Wednesday, Feb 24, 2021 - 08:55 PM (IST)
ਅਹਿਮਦਾਬਾਦ- ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਬੁੱਧਵਾਰ ਨੂੰ ਉਸ ਦੇ 100ਵੇਂ ਟੈਸਟ ਦੀ ਉਪਲੱਬਧੀ ਲਈ ਸਨਮਾਨਿਤ ਕੀਤਾ, ਜਿਸ ਤੋਂ ਬਾਅਦ ਟੀਮ ਦੇ ਸਾਥੀ ਖਿਡਾਰੀਆਂ ਨੇ ‘ਗਾਰਡ ਆਫ ਆਨਰ’ ਦਿੱਤਾ। ਸਾਬਕਾ ਕਪਤਾਨ ਕਪਿਲ ਦੇਵ ਤੋਂ ਬਾਅਦ 100 ਟੈਸਟ ਮੈਚ ਖੇਡਣ ਵਾਲੇ 32 ਸਾਲਾ ਇਸ਼ਾਂਤ ਸ਼ਰਮਾ ਦੂਜੇ ਭਾਰਤੀ ਤੇਜ਼ ਗੇਂਦਬਾਜ਼ ਹਨ। ਇੰਗਲੈਂਡ ਵਿਰੁੱਧ ਦਿਨ-ਰਾਤ ਤੀਜਾ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਸ ਤੇਜ਼ ਗੇਂਦਬਾਜ਼ ਨੂੰ ਇੱਥੇ ‘ਨਰਿੰਦਰ ਮੋਦੀ ਸਟੇਡੀਅਮ’ ’ਚ ਰਾਸ਼ਟਰਪਤੀ ਕੋਵਿੰਦ ਨੇ ਇਕ ਸਨਮਾਨ ਚਿੰਨ ਨਾਲ ਨਿਵਾਜਿਆ ਤੇ ਸ਼ਾਹ ਨੇ 100ਵੀਂ ਟੈਸਟ ਦੀ ਕੈਪ ਸੌਂਪੀ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਟੀਮ ਮੈਦਾਨ ’ਚ ਉਤਰੀ ਤਾਂ ਕਪਤਾਨ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀ ਦੇਸ਼ ਦੇ ਕ੍ਰਿਕਟ ’ਚ ਉਸ ਦੇ ਇੰਨੇ ਲੰਮੇ ਸਮੇਂ ਤੋਂ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਇਕ ਲਾਈਨ ’ਚ ਖੜ੍ਹੇ ਹੋ ਗਏ। ਭਾਰਤੀ ਕ੍ਰਿਕਟ ਬੋਰਡ ਨੇ ਟਵੀਟ ਕੀਤਾ ਕਿ ਇਸ਼ਾਂਤ ਸ਼ਰਮਾ ਨੂੰ ਇੱਥੇ ਅਹਿਮਦਾਬਾਦ ’ਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਮਾਨਿਤ ਕੀਤਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।