ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਅਜਿੰਕਿਆ ਰਹਾਣੇ ਸੱਟ ਕਾਰਨ ਦੂਜੇ ਟੈਸਟ ਮੈਚ ''ਚੋਂ ਹੋਏ ਬਾਹਰ

12/03/2021 12:45:04 PM

ਮੁੰਬਈ (ਭਾਸ਼ਾ)- ਖ਼ਰਾਬ ਫਾਰਮ ਕਾਰਨ ਟੀਮ 'ਚੋਂ ਬਾਹਰ ਹੋਣ ਦੀ ਕਗਾਰ 'ਤੇ ਖੜੇ ਭਾਰਤ ਦੇ ਉਪ ਕਪਤਾਨ ਅਜਿੰਕਿਆ ਰਹਾਣੇ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਸੱਟਾਂ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਏ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਖ਼ਰਾਬ ਮੌਸਮ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਹੈ। ਬੀ.ਸੀ.ਸੀ.ਆਈ. ਨੇ ਇਕ ਬਿਆਨ 'ਚ ਕਿਹਾ, 'ਰਹਾਣੇ ਨੂੰ ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਹੈ, ਜੋ ਕਾਨਪੁਰ 'ਚ ਪਹਿਲੇ ਟੈਸਟ ਦੇ ਆਖਰੀ ਦਿਨ ਫੀਲਡਿੰਗ ਕਰਦੇ ਸਮੇਂ ਹੋਈ ਸੀ। ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ। ਇਸ ਲਈ ਉਹ ਦੂਜਾ ਟੈਸਟ ਨਹੀਂ ਖੇਡੇਗਾ।'

ਇਸ਼ਾਂਤ ਦੇ ਖੱਬੇ ਹੱਥ ਦੀ ਉਂਗਲੀ 'ਤੇ ਸੱਟ ਲੱਗੀ ਹੈ। ਬਿਆਨ 'ਚ ਕਿਹਾ ਗਿਆ ਹੈ, 'ਕਾਨਪੁਰ ਟੈਸਟ ਦੇ ਆਖਰੀ ਦਿਨ ਇਸ਼ਾਂਤ ਦੀ ਖੱਬੇ ਹੱਥ ਦੀ ਉਂਗਲੀ ਦੀ ਹੱਡੀ ਖਿਸਕ ਗਈ ਸੀ, ਜਿਸ ਕਾਰਨ ਉਹ ਵੀ ਦੂਜਾ ਟੈਸਟ ਨਹੀਂ ਖੇਡ ਸਕੇਗਾ।' ਹਾਲਾਂਕਿ ਸਭ ਤੋਂ ਵੱਡਾ ਝਟਕਾ ਜਡੇਜਾ ਦਾ ਬਾਹਰ ਹੋਣਾ ਹੈ, ਜਿਸ ਨੂੰ ਬਾਂਹ 'ਤੇ ਸੱਟ ਲੱਗੀ ਹੈ। ਬਿਆਨ ਵਿਚ ਕਿਹਾ ਗਿਆ, 'ਹਰਫ਼ਨਮੌਲਾ ਰਵਿੰਦਰ ਜਡੇਜਾ ਦੀ ਸੱਜੀ ਬਾਂਹ 'ਤੇ ਸੱਟ ਲੱਗੀ ਸੀ। ਸਕੈਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਬਾਂਹ 'ਚ ਸੋਜ ਹੈ। ਉਸ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ ਅਤੇ ਉਹ ਵੀ ਦੂਜਾ ਟੈਸਟ ਵੀ ਨਹੀਂ ਖੇਡ ਸਕੇਗਾ।' ਇਸ ਦੌਰਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੀ ਕੂਹਣੀ ਦੀ ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ।


cherry

Content Editor

Related News