ਜਿੱਤ ਤੋਂ ਬਾਅਦ ਵੀ ਦੁਖੀ ਸਨ ਇਸ਼ਾਂਤ : ਵਿਰਾਟ

12/11/2018 9:22:05 PM

ਐਡੀਲੇਡ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਆਸਟਰੇਲੀਆ ਖਿਲਾਫ ਪਹਿਲੇ ਟੈਸਟ 'ਚ ਜਿੱਤ ਨਾਲ ਜਿੱਥੇ ਟੀਮ ਖੁਸ਼ੀ ਮਨਾ ਰਹੀ ਸੀ, ਉਥੇ ਹੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵਿਅਕਤੀਗਤ ਰੂਪ ਨਾਲ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਦੁਖੀ ਸੀ। ਭਾਰਤ ਨੇ ਐਡੀਲੇਡ ਓਵਲ 'ਚ ਪਹਿਲਾ ਟੈਸਟ ਜਿੱਤ ਕੇ 4 ਟੈਸਟਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਸੀ ਪਰ ਆਸਟਰੇਲੀਆ 'ਚ ਪਿਛਲੀਆਂ ਕਈ ਸੀਰੀਜ਼ ਦਾ ਅਨੁਭਵ ਰੱਖਣ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਹੀਂ ਰਿਹਾ ਅਤੇ ਉਸ ਨੇ ਮੈਚ 'ਚ ਕੁਲ 95 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਾਲਾਂਕਿ ਅਹਿਮ ਮੌਕੇ 'ਤੇ 'ਨੋ ਬਾਲ' ਨੇ ਜਿੱਥੇ ਭਾਰਤੀ ਟੀਮ ਨੂੰ ਕੁਝ ਮੁਸ਼ਕਲ 'ਚ ਪਾ ਦਿੱਤਾ ਤਾਂ ਉਥੇ ਹੀ ਇਸ਼ਾਂਤ ਨੂੰ ਵੀ ਪ੍ਰੇਸ਼ਾਨ ਕੀਤਾ।
ਵਿਰਾਟ ਨੇ ਕਿਹਾ,''ਇਸ਼ਾਂਤ ਨੇ ਅਹਿਮ ਮੌਕੇ 'ਤੇ ਜੋ 'ਨੋ ਬਾਲ' ਕੀਤੀ, ਜਦਕਿ ਉਹ ਖੁਦ ਜਾਣਦਾ ਸੀ ਕਿ ਇਕ ਗਲਤੀ ਪੂਰਾ ਮੈਚ ਬਦਲ ਸਕਦੀ ਸੀ ਅਤੇ ਇਸ ਲਈ ਉਹ ਕਾਫੀ ਪ੍ਰੇਸ਼ਾਨ ਸੀ। ਉਹ ਇਸ ਗੱਲ ਨਾਲ ਸੱਭ ਤੋਂ ਜ਼ਿਆਦਾ ਦੁਖੀ ਹੈ। ਅਸੀਂ ਸਭ ਜਿੱਤ ਦਾ ਜਸ਼ਨ ਮਨਾ ਰਹੇ ਸੀ ਪਰ ਉਹ ਖੁਦ ਤੋਂ ਬਹੁਤ ਨਾਰਾਜ਼ ਸੀ।''


Related News