ਆਇਰਲੈਂਡ ਨੂੰ 4 ਵਿਕਟਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
Sunday, Aug 02, 2020 - 07:41 PM (IST)
ਸਾਊਥੰਪਟਨ- ਓਪਨਰ ਬੱਲੇਬਾਜ਼ ਜਾਨੀ ਬੇਅਰਸਟੋ (82) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਪਿਛਲੇ ਮੈਚ ਦੇ ਹੀਰੋ ਸੈਮ ਬਿਲਿੰਗਸ (ਅਜੇਤੂ 46) ਤੇ ਡੇਵਿਡ ਵਿਲੀ (ਅਜੇਤੂ 46) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਆਇਰਲੈਂਡ ਨੂੰ ਦੂਜੇ ਵਨ ਡੇ 'ਚ 4 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਰਟਿਸ ਕੈਂਪਫਰ (68) ਦੇ ਲਗਾਤਾਰ ਦੂਜੇ ਅਰਧ ਸੈਂਕੜੇ ਨਾਲ ਇੰਗਲੈਂਡ ਵਿਰੁੱਧ 50 ਓਵਰਾਂ 'ਚ 9 ਵਿਕਟਾਂ 'ਤੇ 212 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਿਸ ਨੂੰ ਇੰਗਲੈਂਡ ਨੇ 32.3 ਓਵਰਾਂ 'ਚ 6 ਵਿਕਟਾਂ 'ਤੇ 216 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪਹਿਲੇ ਮੈਚ ਵਿਚ ਅਜੇਤੂ 59 ਦੌੜਾਂ ਬਣਾਉਣ ਵਾਲੇ ਕੈਂਫਰ ਨੇ ਦੂਜੇ ਵਨ ਡੇ ਵਿਚ 87 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਤੇ 8ਵੇਂ ਬੱਲੇਬਾਜ਼ ਦੇ ਰੂਪ ਵਿਚ 49ਵੇਂ ਓਵਰ ਵਿਚ ਟੀਮ ਦੇ 207 ਦੇ ਸਕੋਰ 'ਤੇ ਆਊਟ ਹੋਇਆ ਸੀ।
ਇੰਗਲੈਂਡ ਵਲੋਂ ਬੇਅਰਸਟੋ ਨੇ 41 ਗੇਂਦਾਂ 'ਤੇ 14 ਚੌਕਿਆਂ 'ਤੇ ਸ਼ਾਨਦਾਰ ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਸੈਮ ਬਿਲਿੰਗਸ ਨੇ 61 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 46 ਦੌੜਾਂ ਤੇ ਪਿਛਲੇ ਮੈਚ ਵਿਚ ਗੇਂਦ ਨਾਲ ਕਮਾਲ ਕਰਨ ਵਾਲੇ ਡੇਵਿਡ ਵਿਲੀ ਨੇ 46 ਗੇਂਦਾਂ 'ਤੇ ਅਜੇਤੂ 47 ਦੌੜਾਂ ਵਿਚ 5 ਚੌਕੇ ਤੇ 2 ਸ਼ਾਨਦਾਰ ਛੱਕੇ ਲਗਾਏ। ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਸ ਵਨ ਡੇ ਦੇ ਨਾਲ ਆਈ. ਸੀ. ਸੀ. ਵਰਲਡ ਕੱਪ ਸੁਪਰ ਲੀਗ ਦੀ ਸ਼ੁਰੂਆਤ ਹੋ ਗਈ, ਜਿਹੜੀ 2023 ਵਿਚ ਭਾਰਤ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਕੁਆਲੀਫਾਰਿ ਹੈ। ਸੀਰੀਜ਼ ਦਾ ਤੀਜਾ ਤੇ ਆਖਰੀ ਵਨ ਡੇ 4 ਅਗਸਤ ਨੂੰ ਖੇਡਿਆ ਜਾਵੇਗਾ।