ਬੰਗਲਾਦੇਸ਼ ਨੂੰ ਲੱਗਾ ਵੱਡਾ ਝਟਕਾ! ਆਇਰਲੈਂਡ ਨੇ ਗਰੁੱਪ ਬਦਲਣ ਤੋਂ ਕੀਤਾ ਇਨਕਾਰ, ICC ਮੁਸ਼ਕਲ ''ਚ

Sunday, Jan 18, 2026 - 12:38 PM (IST)

ਬੰਗਲਾਦੇਸ਼ ਨੂੰ ਲੱਗਾ ਵੱਡਾ ਝਟਕਾ! ਆਇਰਲੈਂਡ ਨੇ ਗਰੁੱਪ ਬਦਲਣ ਤੋਂ ਕੀਤਾ ਇਨਕਾਰ, ICC ਮੁਸ਼ਕਲ ''ਚ

ਸਪੋਰਟਸ ਡੈਸਕ- 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਸਹਿ-ਮੇਜ਼ਬਾਨੀ ਵਿੱਚ ਹੋਣ ਜਾ ਰਹੇ ਆਈਸੀਸੀ ਪੁਰਸ ਟੀ-20 ਵਿਸ਼ਵ ਕੱਪ 2026 ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਆਇਰਲੈਂਡ ਨੇ ਬੰਗਲਾਦੇਸ਼ ਨਾਲ ਗਰੁੱਪ ਬਦਲਣ (Swap) ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਸ ਕਾਰਨ ਹੁਣ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੀਆਂ ਚਿੰਤਾਵਾਂ ਵੱਧ ਗਈਆਂ ਹਨ ਅਤੇ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਸਥਿਤੀ ਅਸਪਸ਼ਟ ਬਣੀ ਹੋਈ ਹੈ।

ਬੰਗਲਾਦੇਸ਼ ਸਰਕਾਰ ਨੇ ਆਪਣੀ ਟੀਮ, ਪ੍ਰਸ਼ੰਸਕਾਂ, ਮੀਡੀਆ ਅਤੇ ਸਹਾਇਕ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਇਸੇ ਕਾਰਨ ਬੰਗਲਾਦੇਸ਼ੀ ਬੋਰਡ ਭਾਰਤ ਵਿੱਚ ਆਪਣੇ ਮੈਚ ਖੇਡਣ ਤੋਂ ਇਨਕਾਰ ਕਰ ਰਿਹਾ ਹੈ। ਬੀ.ਸੀ.ਬੀ. ਨੇ ਆਈਸੀਸੀ ਨੂੰ ਪ੍ਰਸਤਾਵ ਦਿੱਤਾ ਸੀ ਕਿ ਉਹ ਆਇਰਲੈਂਡ ਨਾਲ ਗਰੁੱਪ ਬਦਲ ਲੈਣ ਤਾਂ ਜੋ ਉਨ੍ਹਾਂ ਦੇ ਮੈਚ ਭਾਰਤ ਦੀ ਬਜਾਏ ਸ਼੍ਰੀਲੰਕਾ ਵਿੱਚ ਹੋ ਸਕਣ। ਬੋਰਡ ਦਾ ਤਰਕ ਸੀ ਕਿ ਇਸ ਨਾਲ ਲੌਜਿਸਟਿਕ ਬਦਲਾਅ ਘੱਟ ਤੋਂ ਘੱਟ ਹੋਣਗੇ।

ਕ੍ਰਿਕਟ ਆਇਰਲੈਂਡ ਨੇ ਬੰਗਲਾਦੇਸ਼ ਦੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਆਇਰਿਸ਼ ਬੋਰਡ ਦੇ ਇੱਕ ਅਧਿਕਾਰੀ ਅਨੁਸਾਰ, ਉਨ੍ਹਾਂ ਨੂੰ ਆਈਸੀਸੀ ਤੋਂ ਸਪੱਸ਼ਟ ਭਰੋਸਾ ਮਿਲਿਆ ਹੈ ਕਿ ਮੂਲ ਸ਼ਡਿਊਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਟੀਮ ਆਪਣੇ ਸਾਰੇ ਗਰੁੱਪ ਮੈਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੀ ਖੇਡੇਗੀ।

ਗਰੁੱਪਾਂ ਦੀ ਮੌਜੂਦਾ ਸਥਿਤੀ:

ਬੰਗਲਾਦੇਸ਼ (ਗਰੁੱਪ-ਸੀ): ਬੰਗਲਾਦੇਸ਼ ਨੂੰ ਵੈਸਟਇੰਡੀਜ਼, ਇੰਗਲੈਂਡ, ਨੇਪਾਲ ਅਤੇ ਇਟਲੀ ਨਾਲ ਰੱਖਿਆ ਗਿਆ ਹੈ। ਉਨ੍ਹਾਂ ਦੇ ਤਿੰਨ ਮੈਚ ਕੋਲਕਾਤਾ ਅਤੇ ਇੱਕ ਮੈਚ ਮੁੰਬਈ ਵਿੱਚ ਹੋਣਾ ਤੈਅ ਹੈ।

ਆਇਰਲੈਂਡ (ਗਰੁੱਪ-ਬੀ): ਆਇਰਲੈਂਡ ਦੀ ਟੀਮ ਸ਼੍ਰੀਲੰਕਾ, ਆਸਟ੍ਰੇਲੀਆ, ਜ਼ਿੰਬਾਬਵੇ ਅਤੇ ਓਮਾਨ ਦੇ ਨਾਲ ਹੈ। ਉਨ੍ਹਾਂ ਦੇ ਸਾਰੇ ਮੈਚ ਕੋਲੰਬੋ (ਸ਼੍ਰੀਲੰਕਾ) ਵਿੱਚ ਹੋਣੇ ਹਨ।

ICC ਸਾਹਮਣੇ ਚੁਣੌਤੀ

ਮੁਸਤਾਫਿਜ਼ੁਰ ਰਹਿਮਾਨ ਨੂੰ ਆਈਪੀਐਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ੀ ਬੋਰਡ ਦੇ ਤਿੱਖੇ ਤੇਵਰ ਸਾਹਮਣੇ ਆ ਰਹੇ ਹਨ। ਹੁਣ ਸਥਿਤੀ ਇਹ ਹੈ ਕਿ ਬੰਗਲਾਦੇਸ਼ ਭਾਰਤ ਵਿੱਚ ਖੇਡਣ ਲਈ ਰਾਜ਼ੀ ਨਹੀਂ ਹੈ ਅਤੇ ਆਇਰਲੈਂਡ ਸ਼ਡਿਊਲ ਬਦਲਣ ਨੂੰ ਤਿਆਰ ਨਹੀਂ ਹੈ। ਰਿਪੋਰਟਾਂ ਅਨੁਸਾਰ ਆਈਸੀਸੀ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ, ਪਰ ਫਿਲਹਾਲ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ ਗਿਆ।


author

Rakesh

Content Editor

Related News