ਮੈਗਾ ਨਿਲਾਮੀ ਨੂੰ ਲੈ ਕੇ ਵੰਡੀਆਂ IPL ਟੀਮਾਂ, BCCI ਲਵੇਗਾ ਆਖਰੀ ਫੈਸਲਾ
Thursday, Aug 01, 2024 - 01:21 PM (IST)
ਮੁੰਬਈ : ਆਈਪੀਐੱਲ ਟੀਮ ਦੇ ਮਾਲਕਾਂ ਦੀ ਬੁੱਧਵਾਰ ਨੂੰ ਇੱਥੇ ਬੀਸੀਸੀਆਈ ਅਧਿਕਾਰੀਆਂ ਨਾਲ ਮੁਲਾਕਾਤ ਦੇ ਦੌਰਾਨ ਮੈਗਾ ਨਿਲਾਮੀ ਤੋਂ ਲੈ ਕੇ ਇੰਪੈਕਟ ਖਿਡਾਰੀ ਨਿਯਮਾਂ ਤੱਕ ਦੇ ਮੁੱਦਿਆਂ 'ਤੇ ਰਾਏ ਵੰਡੀ ਹੋਈ ਸੀ। ਅਗਲੇ ਸਾਲ ਟੀ-20 ਲੀਗ ਦੇ 18ਵੇਂ ਸੀਜ਼ਨ ਤੋਂ ਪਹਿਲਾਂ ਹੋਣ ਵਾਲੀ ਮੈਗਾ ਨਿਲਾਮੀ ਦੇ ਨਾਲ, ਬੀਸੀਸੀਆਈ ਨੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਇੱਥੇ ਆਪਣੇ ਹੈੱਡਕੁਆਰਟਰ 'ਤੇ ਮੀਟਿੰਗ ਬੁਲਾਈ ਸੀ।
ਮੀਟਿੰਗ ਤੋਂ ਬਾਅਦ ਇੱਥੇ ਜਾਰੀ ਇੱਕ ਬਿਆਨ ਵਿੱਚ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ, 'ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਆਈਪੀਐੱਲ ਦੇ ਆਗਾਮੀ ਸੀਜ਼ਨ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ 10 ਫਰੈਂਚਾਇਜ਼ੀ ਦੇ ਮਾਲਕਾਂ ਨਾਲ ਰਚਨਾਤਮਕ ਗੱਲਬਾਤ ਦਾ ਆਯੋਜਨ ਕੀਤਾ।' ਸ਼ਾਹ ਨੇ ਕਿਹਾ, 'ਫ੍ਰੈਂਚਾਈਜ਼ੀ ਮਾਲਕਾਂ ਨੇ ਖਿਡਾਰੀਆਂ ਦੇ ਨਿਯਮਾਂ ਅਤੇ ਕੇਂਦਰੀ ਵਪਾਰਕ, ਲਾਇਸੈਂਸਿੰਗ ਅਤੇ ਗੇਮਿੰਗ ਸਮੇਤ ਹੋਰ ਵਪਾਰਕ ਪਹਿਲੂਆਂ 'ਤੇ ਫੀਡਬੈਕ ਦੀ ਪੇਸ਼ਕਸ਼ ਕੀਤੀ। ਬੀਸੀਸੀਆਈ ਹੁਣ ਇਨ੍ਹਾਂ ਸਿਫ਼ਾਰਸ਼ਾਂ ਨੂੰ ਆਈਪੀਐੱਲ ਦੇ ਖਿਡਾਰੀਆਂ ਦੇ ਨਿਯਮ ਬਣਾਉਣ ਤੋਂ ਪਹਿਲਾਂ ਹੋਰ ਵਿਚਾਰ-ਵਟਾਂਦਰੇ ਲਈ ਆਈਪੀਐੱਲ ਪ੍ਰਬੰਧਕ ਕਮੇਟੀ ਦੇ ਸਾਹਮਣੇ ਰੱਖੇਗਾ।
ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਟੀਮ ਦੇ ਮਾਲਕਾਂ ਜਾਂ ਸਹਿ-ਮਾਲਕਾਂ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਸ਼ਾਹਰੁਖ ਖਾਨ, ਸਨਰਾਈਜ਼ਰਜ਼ ਹੈਦਰਾਬਾਦ ਤੋਂ ਕਾਵਿਆ ਮਾਰਨ, ਪੰਜਾਬ ਕਿੰਗਜ਼ ਤੋਂ ਨੇਸ ਵਾਡੀਆ, ਲਖਨਊ ਸੁਪਰ ਜਾਇੰਟਸ ਤੋਂ ਸੰਜੀਵ ਗੋਇਨਕਾ ਅਤੇ ਉਸਦੇ ਪੁੱਤਰ ਸ਼ਾਸ਼ਵਤ ਸ਼ਾਮਲ ਸਨ। ਇਸ ਦੇ ਨਾਲ ਦਿੱਲੀ ਕੈਪੀਟਲਜ਼ ਪਾਰਥ ਜਿੰਦਲ ਵੀ ਮੌਜੂਦ ਸਨ। ਰਾਜਸਥਾਨ ਰਾਇਲਜ਼ ਤੋਂ ਮਨੋਜ ਬਡਾਲੇ ਅਤੇ ਰਣਜੀਤ ਬਰਠਾਕੁਰ, ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਪ੍ਰਥਮੇਸ਼ ਮਿਸ਼ਰਾ, ਚੇਨਈ ਸੁਪਰ ਕਿੰਗਜ਼ ਤੋਂ ਕਾਸੀ ਵਿਸ਼ਵਨਾਥਨ ਅਤੇ ਰੂਪਾ ਗੁਰੂਨਾਥ, ਗੁਜਰਾਤ ਟਾਈਟਨਜ਼ ਤੋਂ ਅਮਿਤ ਸੋਨੀ ਜਦਕਿ ਮੁੰਬਈ ਇੰਡੀਅਨਜ਼ ਦੇ ਮਾਲਕ ਇਸ 'ਚ ਆਨਲਾਈਨ ਸ਼ਾਮਲ ਹੋਏ।
ਵਾਡੀਆ ਅਤੇ ਸ਼ਾਹਰੁਖ ਵਿਚਾਲੇ ਇਸ ਮੁੱਦੇ 'ਤੇ ਗਰਮਾ-ਗਰਮ ਬਹਿਸ ਹੋਈ ਕਿ ਮੈਗਾ ਨਿਲਾਮੀ ਹੋਣੀ ਚਾਹੀਦੀ ਹੈ ਜਾਂ ਨਹੀਂ। ਦਿੱਲੀ ਕੈਪੀਟਲਸ ਦੇ ਮਾਲਕ ਜੇਐੱਸਡਬਲਯੂ ਸਪੋਰਟਸ ਦੇ ਡਾਇਰੈਕਟਰ ਪਾਰਥ ਜਿੰਦਲ ਨੇ ਕਿਹਾ ਕਿ ਮੀਟਿੰਗ ਦਾ ਕੋਈ 'ਅਸਲ ਨਤੀਜਾ' ਨਹੀਂ ਨਿਕਲਿਆ ਕਿਉਂਕਿ ਟੀਮਾਂ ਸਾਰੇ ਵਿਚਾਰੇ ਗਏ ਮੁੱਦਿਆਂ 'ਤੇ ਆਪਣੇ ਵਿਚਾਰਾਂ 'ਤੇ ਅੜੀਆਂ ਰਹੀਆਂ। ਜਿੰਦਲ ਨੇ ਕਿਹਾ, “ਕੋਈ ਅਸਲੀ ਨਤੀਜਾ ਨਹੀਂ ਨਿਕਲਿਆ। ਇਹ ਸਿਰਫ ਸਾਰੇ ਮਾਲਕਾਂ ਦੇ ਵੱਖੋ-ਵੱਖਰੇ ਵਿਚਾਰ ਸੁਣਨ ਲਈ ਸੀ ਅਤੇ ਬੀਸੀਸੀਆਈ ਨੇ ਸਾਡੀ ਗੱਲ ਸੁਣੀ ਹੈ ਅਤੇ ਹੁਣ ਉਹ ਸਾਨੂੰ ਸਾਰੇ ਨਿਯਮ ਦੱਸਣਗੇ। ਉਮੀਦ ਹੈ ਕਿ ਅਸੀਂ ਅਗਸਤ ਦੇ ਅੰਤ ਤੱਕ ਅਗਲੇ ਸੈਸ਼ਨ ਲਈ ਨਿਯਮ ਜਾਣ ਲਵਾਂਗੇ।