IPL Final, GT vs RR : ਸ਼ੁਭਮਨ ਗਿੱਲ ਨੇ ਛੱਕਾ ਮਾਰ ਕੇ ਗੁਜਰਾਤ ਟਾਈਟਨਜ਼ ਨੂੰ ਬਣਾਇਆ ਚੈਂਪੀਅਨ

Sunday, May 29, 2022 - 11:43 PM (IST)

IPL Final, GT vs RR : ਸ਼ੁਭਮਨ ਗਿੱਲ ਨੇ ਛੱਕਾ ਮਾਰ ਕੇ ਗੁਜਰਾਤ ਟਾਈਟਨਜ਼ ਨੂੰ ਬਣਾਇਆ ਚੈਂਪੀਅਨ

ਸਪੋਰਟਸ ਡੈਸਕ- ਕਪਤਾਨ ਹਾਰਦਿਕ ਪੰਡਯਾ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਗੁਜਰਾਤ ਟਾਈਟਨਸ ਨੇ ਐਤਵਾਰ ਨੂੰ ਫਾਈਨਲ ਵਿਚ ਰਾਜਸਥਾਨ ਰਾਇਲਜ਼ ’ਤੇ 7 ਵਿਕਟਾਂ ਨਾਲ ਇਕਪਾਸੜ ਜਿੱਤ ਦਰਜ ਕਰਕੇ ਆਪਣੇ ਪਹਿਲੇ ਹੀ ਸੈਸ਼ਨ ਵਿਚ ਆਈ. ਪੀ. ਐੱਲ. ਦਾ ਖਿਤਾਬ ਆਪਣੇ ਨਾਂ ਕਰ ਲਿਆ। 19ਵੇਂ ਓਵਰ ਦੀ ਪਹਿਲੀ ਹੀ ਗੇਂਦ ’ਤੇ ਓਬੇਦ ਮੈਕਾਏ ਨੂੰ ਛੱਕਾ ਲਾ ਕੇ ਸ਼ੁਭਮਨ ਗਿੱਲ ਨੇ ਜਦੋਂ ਜਿੱਤ ਦੀ ਰਸਮ ਪੂਰੀ ਕੀਤੀ ਤਾਂ ਇਕ ਲੱਖ ਤੋਂ ਵੱਧ ਦਰਸ਼ਕਾਂ ਦੀਆਂ ਤਾੜੀਆਂ ਤੇ ਰੌਲੇ ਨਾਲ ਨਰਿੰਦਰ ਮੋਦੀ ਸਟੇਡੀਅਮ ਗੂੰਜ ਉੱਠਿਆ। ਇਕ ਨਵੀਂ ਟੀਮ ਨੂੰ ਦੁਨੀਆ ਦੀ ਇਸ ਸਭ ਤੋਂ ਲੁਭਾਵਨੀ ਕ੍ਰਿਕਟ ਲੀਗ ਦਾ ਸਿਰਮੌਰ ਬਣਾਉਣ ਦਾ ਸਿਹਰਾ ਕਿਸੇ ਨੂੰ ਜਾਂਦਾ ਹੈ ਤਾਂ ਉਸਦੇ ‘ਕੈਪਟਨ ਕੂਲ’ ਹਾਰਦਿਕ ਪੰਡਯਾ ਨੂੰ। ਪਹਿਲਾਂ ਗੇਂਦਬਾਜ਼ੀ ਵਿਚ 4 ਓਵਰਾਂ ਵਿਚ 17 ਦੌੜਾਂ ਦੇ ਕੇ 3 ਵਿਕਟਾਂ ਲੈਂਦੇ ਹੋਏ ਉਸ ਨੇ ਰਾਇਲਜ਼ ਨੂੰ 9 ਵਿਕਟਾਂ ’ਤੇ 130 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਜਵਾਬ ਵਿਚ ਦੋ ਵਿਕਟਾਂ ਜਲਦੀ ਡਿੱਗਣ ’ਤੇ 30 ਗੇਂਦਾਂ ਵਿਚ 34 ਦੌੜਾਂ ਬਣਾ ਕੇ ਟੀਮ ਨੂੰ ਦਬਾਅ ਤੋਂ ਕੱਢਿਆ। ਟਾਈਟਨਸ ਨੇ 11 ਗੇਂਦਾਂ ਤੇ 7 ਵਿਕਟਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਗਿੱਲ 43 ਗੇਂਦਾਂ ਵਿਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 45 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਡੇਵਿਡ ਮਿਲਰ ਨੇ ਸਿਰਫ 19 ਗੇਂਦਾਂ ਵਿਚ 32 ਦੌੜਾਂ ਬਣਾਈਆਂ, ਜਿਸ ਵਿਚ 3 ਚੌਕੇ ਤੇ 1 ਛੱਕਾ ਸ਼ਾਮਲ ਸੀ। ਗੁਜਰਾਤ ਨੇ ਰਿਧੀਮਾਨ ਸਾਹਾ (5) ਤੇ ਮੈਥਿਊ ਵੇਡ (8) ਦੀਆਂ ਵਿਕਟਾਂ ਜਲਦੀ ਗੁਆਦਿੱਤੀਆਂ ਸਨ।

ਇਸ ਤੋਂ ਪਹਿਲਾਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹਾਲਾਂਕਿ ਉਸਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਉੱਥੇ ਹੀ ਆਪਣੇ ਘਰੇਲੂ ਮੈਦਾਨ ’ਤੇ ਇਕ ਲੱਖ ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਗੁਜਰਾਤ ਦੇ ਗੇਂਦਬਾਜ਼ਾਂ ਨੇ ਉਨ੍ਹਾਂ ’ਤੇ ਦਬਾਅ ਬਣਾ ਦਿੱਤਾ। ਜੋਸ ਬਟਲਰ (39) ਤੇ ਯਸ਼ਸਵੀ ਜਾਇਸਵਾਲ (22) ਹੀ ਬੱਲੇ ਨਾਲ  ਕੁਝ ਦੌੜਾਂ ਕੱਢ ਸਕੇ। ਮੁਹੰਮਦ ਸ਼ੰਮੀ ਦੀ ਰਫਤਾਰ ਤੇ ਸਵਿੰਗ ਦੇ ਅੱਗੇ ਸਹਿਜ ਹੋ ਕੇ ਨਾ ਖੇਡ ਪਾ ਰਹੇ ਜਾਇਸਵਾਲ ਨੇ ਜ਼ੋਖਿਮ ਲੈਣ ਵਿਚ ਕੋਈ ਕਸਰ ਨਹੀਂ ਛੱਡੀ। ਉਸ ਨੇ ਸ਼ੰਮੀ ਨੂੰ ਕਵਰ ਵਿਚ ਛੱਕਾ ਲਾਇਆ ਤੇ ਯਸ਼ ਦਿਆਲ ਨੂੰ ਲਾਂਗ ਲੈੱਗ ’ਤੇ ਛੱਕਾ ਲਾਇਆ। ਵਧੇਰੇ ਉੱਚੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਉਹ ਡੀਪ ਵਿਚ ਕੈਚ ਦੇ ਬੈਠਾ। ਓਰੈਂਜ ਕੈਪਧਾਰੀ ਬਟਲਰ ਤੇ ਸੈਮਸਨ ਹੁਣ ਕ੍ਰੀਜ਼ ’ਤੇ ਸੀ।

ਇਹ ਵੀ ਪੜ੍ਹੋ : ਪੰਜਾਬ DGP ਦਾ ਵੱਡਾ ਖੁਲਾਸਾ, ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਸਨ ਤਿੰਨ ਤਰ੍ਹਾਂ ਦੇ ਹਥਿਆਰ

ਰਾਸ਼ਿਦ ਖਾਨ ਵਿਰੁੱਧ ਦੋਵਾਂ ਨੂੰ ਹੋਣ ਵਾਲੀਆ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖ ਕੇ ਹਾਰਦਿਕ ਨੇ ਪਾਵਰਪਲੇਅ ਵਿਚ ਹੀ ਇਸ ਤਜਰਬੇਕਾਰ ਸਪਿਨਰ ਨੂੰ ਗੇਂਦ ਸੌਂਪ ਦਿੱਤੀ। ਬਟਲਰ ਤੇ ਸੈਮਸਨ ਨੇ ਰਾਸ਼ਿਦ ਨੂੰ ਸੰਭਲ ਕੇ ਖੇਡਿਆ ਤੇ ਪਾਵਰਪਲੇਅ ਵਿਚ ਸਕੋਰ 1 ਵਿਕਟ ’ਤੇ 44 ਦੌੜਾਂ ਸੀ। ਫਾਰਮ ਵਿਚ ਚੱਲ ਰਹੇ ਬਟਲਰ ਨੇ ਲਾਕੀ ਫਰਗਿਊਸਨ ਨੂੰ ਲਗਾਤਾਰ ਦੋ ਚੌਕੇ ਲਾਏ। ਸੈਮਸਨ ਨੂੰ ਹਾਰਦਿਕ ਨੇ ਆਪਣੀ ਦੂਜੀ ਹੀ ਗੇਂਦ ’ਤੇ ਪੈਵੇਲੀਅਨ ਭੇਜ ਦਿੱਤਾ। ਉਸ ਨੂੰ ਪੁਲ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਸੈਮਸਨ ਆਫ ਸਾਈਡ ਵਿਚ ਕੈਚ ਦੇ ਬੈਠਾ। ਦੇਵਦੱਤ ਪੱਡੀਕਲ ਨੇ ਖਾਤਾ ਖੋਲ੍ਹਣ ਵਿਚ 8 ਗੇਂਦਾਂ ਲਈਆਂ ਤੇ ਦੋ ਦੌੜਾਂ ਬਣਾ ਕੇ ਪਰਤ ਗਿਆ। ਇਸ ਤੋਂ ਬਾਅਦ ਤਿੰਨ ਗੇਂਦਾਂ ਬਾਅਦ ਬਟਲਰ ਵੀ ਆਪਣੀ ਵਿਕਟ ਗੁਆ ਬੈਠਾ। ਪੱਡੀਕਲ ਨੂੰ ਰਾਸ਼ਿਦ ਨੇ ਅਤੇ ਬਟਲਰ ਨੂੰ ਹਾਰਦਿਕ ਨੇ ਰਵਾਨਾ ਕੀਤਾ। ਹਾਰਦਿਕ ਨੇ ਸ਼ਿਮਰੋਨ ਹੈੱਟਮਾਇਰ ਨੂੰ ਵੀ ਪੈਵੇਲੀਅਨ ਭੇਜਿਆ ਤੇ ਹੁਣ ਰਾਜਸਥਾਨ ਦਾ ਸਕੋਰ 5 ਵਿਕਟਾਂ ’ਤੇ 94 ਦੌੜਾਂ ਸੀ। ਆਰ.ਅਸ਼ਵਿਨ ਦੇ ਆਊਟ ਹੁੰਦੇ ਹੀ ਰਾਜਸਥਾਨ ਦੀ ਵਾਪਸੀ ਦੀਆਂ ਉਮੀਦਾਂ ਖਤਮ ਹੋ ਗਈਆਂ। ਸ਼ੰਮੀ ਨੇ ਬਿਹਤਰੀਨ ਯਾਰਕਰ ’ਤੇ ਰਿਆਨ ਪ੍ਰਾਗ ਨੂੰ ਆਊਟ ਕੀਤਾ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ :-
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਮੈਥਿਊ ਵੇਡ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਰਵੀਸ੍ਰੀਨਿਵਾਸਨ ਸਾਈ ਕਿਸ਼ੋਰ, ਲਾਕੀ ਫਰਗੂਸਨ, ਯਸ਼ ਦਿਆਲ, ਮੁਹੰਮਦ ਸ਼ੰਮੀ
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨ, ਓਬੇਦ ਮੈਕਕੋਏ, ਯੁਜਵੇਂਦਰ ਚਾਹਲ

ਇਹ ਵੀ ਪੜ੍ਹੋ : ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News