IPL ਨੇ ਅਣਜਾਨ ਖਿਡਾਰੀਆਂ ਨੂੰ ਚੋਟੀ ਤੱਕ ਪਹੁੰਚਾਇਆ : ਸਹਿਵਾਗ

01/20/2018 4:28:07 PM

ਨਵੀਂ ਦਿੱਲੀ, (ਬਿਊਰੋ)— ਵਰਿੰਦਰ ਸਹਿਵਾਗ ਆਈ.ਪੀ.ਐੱਲ. ਨੂੰ ਇਸ ਗੱਲ ਦਾ ਸਿਹਰਾ ਦਿੰਦੇ ਹਨ ਕਿ ਇਸ ਨੇ ਅਣਜਾਨ ਖਿਡਾਰੀਆਂ ਨੂੰ ਖੇਡ ਦੇ ਸਿਖਰਲੇ ਪੱਧਰ ਉੱਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਾਬਕਾ ਧਮਾਕੇਦਾਰ ਬੱਲੇਬਾਜ਼ ਨੇ ਆਪਣੀ ਰਾਏ ਦੇ ਸਮਰਥਨ ਵਿੱਚ ਆਲਰਾਉਂਡਰ ਰਵਿੰਦਰ ਜਡੇਜਾ ਅਤੇ ਯੂਸੁਫ ਪਠਾਨ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਉਦਾਹਰਣ ਪੇਸ਼ ਕੀਤਾ। 

ਸਹਿਵਾਗ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਲਗਦਾ ਹੈ ਕਿ ਆਈ.ਪੀ.ਐੱਲ. ਨੇ ਭਾਰਤੀ ਕ੍ਰਿਕਟ ਨੂੰ ਇਹੀ ਕੀਤਾ ਹੈ ਕਿ ਇਸ ਨੇ ਅਣਜਾਨ ਖਿਡਾਰੀਆਂ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਪਹੁੰਚਾਇਆ ਹੈ। ਜੇਕਰ ਉਹ ਆਪਣੀ ਪਹਿਲੇ ਦਰਜੇ ਦੀ ਟੀਮ ਲਈ ਖੇਡਦੇ, ਤਾਂ ਉਨ੍ਹਾਂ ਨੂੰ ਭਾਰਤੀ ਟੀਮ ਤੱਕ ਪੁੱਜਣ ਅਤੇ ਇਸ ਵਿੱਚ ਖੇਡਣ ਵਿੱਚ ਘੱਟ ਤੋਂ ਘੱਟ ਪੰਜ ਤੋਂ ਛੇ ਸਾਲ ਲਗਦੇ।''

ਉਨ੍ਹਾਂ ਨੇ ਕਿਹਾ, ''ਪਰ ਆਈ.ਪੀ.ਐੱਲ. ਦੇ ਜ਼ਰੀਏ ਜਿਨ੍ਹਾਂ ਖਿਡਾਰੀਆਂ ਵਿੱਚ ਪ੍ਰਤਿਭਾ ਹੈ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਅਗਲੇ ਸਾਲ ਉਹ ਟੀਮ ਇੰਡੀਆ ਦਾ ਹਿਸਾ ਬਣ ਗਏ। ਆਈ.ਪੀ.ਐੱਲ. ਨੇ ਇਹ ਭੂਮਿਕਾ ਅਦਾ ਕੀਤੀ ਹੈ।''

ਸਹਿਵਾਗ ਨੇ ਕਿਹਾ, ''ਰਵਿੰਦਰ ਜਡੇਜਾ ਇਹਨਾਂ ਵਿਚੋਂ ਇੱਕ ਹਨ ਅਤੇ ਅਜਿਹਾ ਹੀ ਯੂਸੁਫ ਪਠਾਨ ਦੇ ਨਾਲ ਹੈ। ਹਾਲ ਵਿੱਚ ਦੀਪਕ ਹੁੱਡਾ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਬਾਸਿਲ ਥੰਪੀ - ਇਨ੍ਹਾਂ ਨੂੰ ਆਈ.ਪੀ.ਐੱਲ ਵਿੱਚ ਪ੍ਰਦਰਸ਼ਨ ਦੇ ਕਾਰਨ ਭਾਰਤੀ ਟੀਮ ਵਿੱਚ ਚੁਣਿਆ ਗਿਆ।''


Related News