IPL 2024 : ਸਨਰਾਈਜ਼ਰਸ ਹੈਦਰਾਬਾਦ ਨੂੰ ਲੱਗਾ ਝਟਕਾ, ਪਹਿਲੇ ਤਿੰਨ ਮੈਚ ਨਹੀਂ ਖੇਡ ਪਾਏਗਾ ਇਹ ਆਲਰਾਊਂਡਰ
Tuesday, Mar 19, 2024 - 07:32 PM (IST)
ਕੋਲੰਬੋ : ਹਰਫਨਮੌਲਾ ਵਨਿੰਦੂ ਹਸਾਰੰਗਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਘੱਟੋ-ਘੱਟ ਪਹਿਲੇ ਤਿੰਨ ਮੈਚ ਖੇਡਣ ਤੋਂ ਰੋਕਦੇ ਹੋਏ ਬੰਗਲਾਦੇਸ਼ ਖਿਲਾਫ 22 ਮਾਰਚ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਹਸਾਰੰਗਾ ਨੇ ਸ਼੍ਰੀਲੰਕਾ ਲਈ ਚਾਰ ਟੈਸਟ ਮੈਚ ਖੇਡੇ ਹਨ ਅਤੇ ਸਫੇਦ ਗੇਂਦ ਦੀ ਕ੍ਰਿਕਟ 'ਤੇ ਧਿਆਨ ਦੇਣ ਲਈ ਪਿਛਲੇ ਸਾਲ ਅਗਸਤ 'ਚ ਲੰਬੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਪਰ ਮੰਗਲਵਾਰ ਨੂੰ ਇਸ 26 ਸਾਲਾ ਖਿਡਾਰੀ ਨੂੰ ਸ਼੍ਰੀਲੰਕਾ ਦੀ 17 ਮੈਂਬਰੀ ਟੀਮ ਵਿੱਚ ਚੁਣਿਆ ਗਿਆ। ਪਹਿਲਾ ਟੈਸਟ ਸਿਲਹਟ 'ਚ 22 ਤੋਂ 26 ਮਾਰਚ ਤੱਕ ਅਤੇ ਦੂਜਾ ਟੈਸਟ 30 ਮਾਰਚ ਤੋਂ 3 ਅਪ੍ਰੈਲ ਤੱਕ ਚਟਗਾਂਵ 'ਚ ਖੇਡਿਆ ਜਾਵੇਗਾ।
ਸਨਰਾਈਜ਼ਰਸ ਹੈਦਰਾਬਾਦ ਨੇ ਹਸਾਰੰਗਾ ਨੂੰ ਉਨ੍ਹਾਂ ਦੀ ਬੇਸ ਪ੍ਰਾਈਸ 1.5 ਕਰੋੜ ਰੁਪਏ 'ਚ ਖਰੀਦਿਆ। ਆਈਪੀਐੱਲ ਦੇ ਦੋ ਹਫ਼ਤਿਆਂ ਦਾ ਸਮਾਂ ਹੀ ਐਲਾਨਿਆ ਗਿਆ ਹੈ ਜਿਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ 23 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ, ਜਦੋਂ ਕਿ 27 ਮਾਰਚ ਨੂੰ ਹੈਦਰਾਬਾਦ ਵਿੱਚ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨਾਲ ਖੇਡਣਾ ਹੈ। ਫਿਰ 31 ਮਾਰਚ ਨੂੰ ਉਨ੍ਹਾਂ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਹ ਦੇਖਣਾ ਬਾਕੀ ਹੈ ਕਿ ਕੀ ਇਹ ਸਪਿਨਰ 5 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਪਲਬਧ ਹੋਵੇਗਾ ਜਾਂ ਨਹੀਂ।