IPL 2024 : ਦਿੱਲੀ ਨੇ ਇਕਤਰਫ਼ਾ ਅੰਦਾਜ਼ 'ਚ ਗੁਜਰਾਤ ਨੂੰ ਦਿੱਤੀ ਸ਼ਿਕਸਤ, 6 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ
Wednesday, Apr 17, 2024 - 10:40 PM (IST)
ਸਪੋਰਟਸ ਡੈਸਕ- ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਗੁਜਰਾਤ ਨੂੰ ਇਕਤਰਫ਼ਾ ਅੰਦਾਜ਼ 'ਚ 6 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਤੀਜੀ ਜਿੱਤ ਹਾਸਲ ਕਰ ਲਈ ਹੈ।
ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਉਸ ਦੇ ਗੇਂਦਬਾਜ਼ਾਂ ਨੇ ਇਹ ਫ਼ੈਸਲਾ ਬਿਲਕੁਲ ਸਹੀ ਸਾਬਿਤ ਕੀਤਾ। ਗੁਜਰਾਤ ਦਾ ਕੋਈ ਬੱਲੇਬਾਜ਼ ਟਿਕ ਨਾ ਸਕਿਆ ਤੇ ਟੀਮ ਦੇ 7 ਬੱਲੇਬਾਜ਼ ਤਾਂ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ। ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਕਾਰਨ ਗੁਜਰਾਤ ਦੀ ਟੀਮ 17.3 ਓਵਰਾਂ 'ਚ ਸਿਰਫ਼ 89 ਦੌੜਾਂ 'ਤੇ ਹੀ ਢੇਰ ਹੋ ਗਈ।
ਇਸ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਸਿਰਫ਼ 8.3 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਦਿੱਲੀ ਵੱਲੋਂ ਪ੍ਰਿਥਵੀ ਸ਼ਾਹ ਨੇ 7, ਜੇਕ ਫ੍ਰੇਜ਼ਰ ਨੇ 20, ਅਭਿਸ਼ੇਕ ਪੋਰੇਲ ਨੇ 15 ਤੇ ਸ਼ਾਈ ਹੋਪ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਰਿਸ਼ਭ ਪੰਤ 16, ਜਦਕਿ ਸੁਮਿਤ ਕੁਮਾਰ 9 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਜਿੱਤ ਤੋਂ ਬਾਅਦ ਦਿੱਲੀ ਦੇ 7 ਮੈਚਾਂ 'ਚ 3 ਜਿੱਤਾਂ ਨਾਲ 6 ਅੰਕ ਹੋ ਗਏ ਹਨ ਤੇ ਪੁਆਇੰਟ ਟੇਬਲ 'ਚ ਉਹ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਉੱਥੇ ਹੀ ਗੁਜਰਾਤ 7 ਮੁਕਾਬਲਿਆਂ 'ਚੋਂ 4 ਹਾਰ ਕੇ 6 ਅੰਕਾਂ ਨਾਲ ਨੈੱਟ-ਰਨਰੇਟ ਦੇ ਆਧਾਰ 'ਤੇ 7ਵੇਂ ਸਥਾਨ 'ਤੇ ਖਿਸਕ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e