IPL 2023: ਸਾਲਟ ਦੀ ਧਮਾਕੇਦਾਰ ਪਾਰੀ, ਦਿੱਲੀ ਨੇ RCB ਨੂੰ 7 ਵਿਕਟਾਂ ਨਾਲ ਦਿੱਤੀ ਮਾਤ

Saturday, May 06, 2023 - 11:00 PM (IST)

IPL 2023: ਸਾਲਟ ਦੀ ਧਮਾਕੇਦਾਰ ਪਾਰੀ, ਦਿੱਲੀ ਨੇ RCB ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ (ਭਾਸ਼ਾ)– ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਦੇ ਤੂਫਾਨੀ ਅਰਧ ਸੈਂਕੜੇ ਨਾਲ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕਪਾਸੜ ਮੁਕਾਬਲੇ ਵਿਚ ਸ਼ਨੀਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਆਰ. ਸੀ. ਬੀ. ਦੀਆਂ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਸਾਲਟ ਦੀ 45 ਗੇਂਦਾਂ ਵਿਚ 6 ਛੱਕਿਆਂ ਤੇ 8 ਚੌਕਿਆਂ ਨਾਲ 87 ਦੌੜਾਂ ਦੀ ਪਾਰੀ ਤੋਂ ਇਲਾਵਾ ਕਪਤਾਨ ਡੇਵਿਡ ਵਾਰਨਰ (22) ਦੇ ਨਾਲ ਉਸਦੀ ਪਹਿਲੀ ਵਿਕਟ ਦੀ 60, ਮਿਸ਼ੇਲ ਮਾਰਸ਼ (26) ਦੇ ਨਾਲ ਦੂਜੀ ਵਿਕਟ ਦੀ 59 ਤੇ ਰਿਲੀ ਰੋਸੋ (ਅਜੇਤੂ 35) ਦੇ ਨਾਲ ਤੀਜੀ ਵਿਕਟ ਦੀ 52 ਦੌੜਾਂ ਦੀ ਸਾਂਝੇਦਾਰੀ ਨਾਲ 20 ਗੇਂਦਾਂ ਬਾਕੀ ਰਹਿੰਦਿਆਂ ਵਿਕਟਾਂ ’ਤੇ 187 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਦਿੱਲੀ ਨੇ ਆਰ. ਸੀ. ਬੀ. ਵਿਰੁੱਧ ਲਗਾਤਾਰ ਚਾਰ ਹਾਰ ਦੇ ਕ੍ਰਮ ਨੂੰ ਵੀ ਤੋੜਿਆ। ਟੀਮ ਅੰਕ ਸੂਚੀ ਵਿਚ 10 ਮੈਚਾਂ ਵਿਚੋਂ 8 ਅੰਕਾਂ ਨਾਲ ਨੌਵੇਂ ਸਥਾਨ ’ਤੇ ਹੈ। ਆਰ. ਸੀ. ਬੀ. ਦੀ ਟੀਮ 10 ਮੈਚਾਂ ਵਿਚੋਂ 10 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ

ਇਸ ਤੋਂ ਪਹਿਲਾਂ  ਵਿਰਾਟ ਕੋਹਲੀ ਤੇ ਮਹਿਪਾਲ ਲੋਮਰੋਰ ਦੇ ਅਰਧ ਸੈਂਕੜਿਆਂ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ  4 ਵਿਕਟਾਂ ’ਤੇ 181 ਦੌੜਾਂ ਬਣਾਈਆਂ ਸਨ। ਕੋਹਲੀ ਨੇ 46 ਗੇਂਦਾਂ ’ਚ 5 ਚੌਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਫਾਫ ਡੂ ਪਲੇਸਿਸ (45) ਦੇ ਨਾਲ ਪਹਿਲੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕਰਕੇ ਆਰ. ਸੀ. ਬੀ. ਨੂੰ ਮਜ਼ਬੂਤ ਸਕੋਰ ਤਕ ਪਹੁੰਚਾਇਆ। ਦਿੱਲੀ ਵਲੋਂ ਮਿਸ਼ੇਲ ਮਾਰਸ਼ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੁਕੇਸ਼ ਕੁਮਾਰ ਤੇ ਖਲੀਲ ਅਹਿਮਦ ਨੇ 1-1 ਵਿਕਟ ਹਾਸਲ ਕੀਤੀ।

ਆਰ. ਸੀ. ਬੀ. ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਤੇ ਕੋਹਲੀ ਨੇ 82 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਾਵਰਪਲੇਅ ਵਿਚ ਬਿਨਾਂ ਵਿਕਟ ਗੁਆਏ 51 ਦੌੜਾਂ ਜੋੜੀਆਂ । ਕੋਹਲੀ ਨੇ ਖਲੀਲ ਅਹਿਮਦ ’ਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਅਕਸ਼ਰ ਪੇਟਲ ਤੇ ਇਸ਼ਾਂਤ ਸ਼ਰਮਾ ਦੀ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ। ਇਸਦੇ ਨਾਲ ਹੀ ਕੋਹਲੀ ਆਈ. ਪੀ. ਐੱਲ. ਵਿਚ 7000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਵੀ ਬਣਿਆ। ਡੂ ਪਲੇਸਿਸ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਦੇ ਹੋਏ ਮੁਕੇਸ਼ ਕੁਮਾਰ ਦਾ ਸਵਾਗਤ 3 ਚੌਕਿਆਂ ਦੇ ਨਾਲ ਕੀਤਾ ਜਦਕਿ ਖਲੀਲ ਦੀਆਂ ਲਗਾਤਾਰ ਗੇਂਦਾਂ ’ਤੇ ਛੱਕਾ ਤੇ ਚੌਕਾ ਮਾਰਿਆ। ਦੋਵਾਂ ਨੇ 10 ਓਵਰਾਂ ’ਚ ਟੀਮ ਦਾ ਸਕੋਰ ਬਿਨਾਂ ਵਿਕਟ ਗੁਆਏ 79 ਦੌੜਾਂ ਤਕ ਪਹੁੰਚਾਇਆ। ਡੂ ਪਲੇਸਿਸ ਹਾਲਾਂਕਿ ਮਿਸ਼ੇਲ ਮਾਰਸ਼ ਦੀ ਗੇਂਦ ’ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਬਾਊਂਡਰੀ ’ਤੇ ਅਕਸ਼ਰ ਹੱਥੋਂ ਆਊਟ ਗਏ। ਗਲੇਨ ਮੈਕਸਵੈੱਲ ਵੀ ਮਾਰਸ਼ ਦੀ ਅਗਲੀ ਗੇਂਦ ’ਤੇ ਵਿਕਟਕੀਪਰ ਫਿਲ ਸਾਲਟ ਨੂੰ ਕੈਚ ਦੇ ਬੈਠਾ। ਮਹਿਪਾਲ ਲੋਮਰੋਰ ਨੇ ਆਉਂਦੇ ਹੀ ਕੁਲਦੀਪ ਯਾਦਵ ’ਤੇ ਛੱਕਾ ਲਾਇਆ ਤੇ ਫਿਰ ਖੱਬੇ ਹੱਥ ਦੇ ਇਸ ਸਪਿਨਰ ਦੇ ਅਗਲੇ ਓਵਰਾਂ ਵਿਚ ਵੀ ਲਗਾਤਾਰ ਗੇਂਦਾਂ ’ਤੇ ਚੌਕਾ ਤੇ ਛੱਕਾ ਮਾਰਿਆ। ਕੋਹਲੀ ਨੇ ਇਸ ਵਿਚਾਲੇ ਇਸ਼ਾਂਤ ’ਤੇ ਚੌਕੇ ਤੇ 2 ਦੌੜਾਂ ਦੇ ਨਾਲ 13ਵੇਂ ਓਵਰ ਵਿਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਕੋਹਲੀ ਨੇ ਮਾਰਸ਼ ਦੀਆਂ ਗੇਂਦਾਂ ’ਤੇ ਇਕ ਦੌੜ ਦੇ ਨਾਲ 42 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ ਕੋਹਲੀ ਨੇ ਆਪਣੇ ਆਈ. ਪੀ. ਐੱਲ. ਇਤਿਹਾਸ ਦਾ 50ਵਾਂ ਅਰਧ ਸੈਂਕੜਾ ਪੂਰਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਕਾਲਜਾਂ ’ਚ ਰਾਤ 8 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ ਕਲਾਸਾਂ

ਉਹ ਹਾਲਾਂਕਿ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਮੁਕੇਸ਼ ਦੀ ਗੇਂਦ ਨੂੰ ਖਲੀਲ ਦੇ ਹੱਥਾਂ ਵਿਚ ਖੇਡ ਗਿਆ, ਜਿਸ ਨਾਲ ਆਰ. ਸੀ. ਬੀ. ਦਾ ਸਕੋਰ 3 ਵਿਕਟਾਂ ’ਤੇ 137 ਦੌੜਾਂ ਹੋ ਗਿਆ। ਲੋਮਰੋਰ ਨੇ ਇਸ਼ਾਂਤ ’ਤੇ 2 ਚੌਕੇ ਲਾਏ ਜਦਕਿ ਦਿਨੇਸ਼ ਕਾਰਤਿਕ ਨੇ ਖਲੀਲ ਦੀਆਂ ਗੇਂਦਾਂ ਨੂੰ ਦਰਸ਼ਕਾਂ ਵਿਚਾਲੇ ਪਹੁੰਚਾਇਆ। ਲੋਮਰੋਰ ਨੇ ਮੁਕੇਸ਼ ’ਤੇ ਚੌਕੇ ਦੇ ਨਾਲ 26 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਖਲੀਲ ਨੇ ਆਖਰੀ ਓਵਰ ਵਿਚ ਕਾਰਤਿਕ (11) ਨੂੰ ਡੇਵਿਡ ਵਾਰਨਰ ਦੇ ਹੱਥੋਂ ਕੈਚ ਕਰਵਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News